ਬਠਿੰਡਾ, ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ‘ਮੌੜ ਬੰਬ ਧਮਾਕੇ’ ਦੀ ਜਾਂਚ ਮਾਮਲੇ ’ਚ ‘ਆਪਹੁਦਰੇ’ ਪੁਲੀਸ ਅਫਸਰਾਂ ਤੋਂ ਨਰਾਜ਼ ਹੋ ਗਏ ਹਨ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮੌੜ ਧਮਾਕੇ ਦੀ ਜਾਂਚ ਨੂੰ ਬਰੇਕ ਲਾ ਦਿੱਤੀ ਹੈ ਤੇ ਅਫ਼ਸਰ ਡੀਜੀਪੀ ਦੇ ਅਗਲੇ ਹੁਕਮਾਂ ਦੀ ਉਡੀਕ ’ਚ ਹਨ। ਵਿਸ਼ੇਸ਼ ਜਾਂਚ ਟੀਮ ਨੇ ਤਲਵੰਡੀ ਸਾਬੋ ਦੀ ਅਦਾਲਤ ਵਿਚ ਚਾਰ ਗਵਾਹਾਂ ਦੇ ਬਿਆਨ ਦਰਜ ਕਰਾਉਣ ਮਗਰੋਂ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਕਾਲਾ ਨੂੰ ਮੁੱਖ ਮੁਲਜ਼ਮ ਵਜੋਂ ਦੇਖਣਾ ਸ਼ੁਰੂ ਕੀਤਾ ਸੀ। ਦੂਜੇ ਪਾਸੇ ਅਫਸਰਾਂ  ਵਲੋਂ ਕਾਲਾ ਦਾ ਨਾਂ ਜੱਗਜ਼ਾਹਰ ਕਰਨ ਤੋਂ ਡੀਜੀਪੀ ਨਾਖੁਸ਼ ਹਨ। ਅਦਾਲਤ ਨੇ ਕਾਲਾ ਤੇ ਅਮਰੀਕ ਸਿੰਘ ਦੇ ਗ੍ਰਿਫਤਾਰੀ ਵਰੰਟ ਵੀ ਜਾਰੀ ਕੀਤੇ ਸਨ।
ਦੱਸਣਯੋਗ ਹੈ ਕਿ ਗੈਂਗਸਟਰ ਵਿੱਕੀ ਗੌਂਡਰ ਦੇ ਪੁਲੀਸ ਮੁਕਾਬਲੇ ਮਗਰੋਂ ਪੰਜਾਬ ਦੇ ਬਹੁਤੇ ਪੁਲੀਸ ਅਫਸਰਾਂ ’ਚ ਨਵਾਂ ਸਿਹਰਾ ਲੈਣ ਦੀ ਦੌੜ ਲੱਗੀ ਹੋਈ ਸੀ। ਪੁਲੀਸ ਅਫਸਰ ਆਖਣ ਲੱਗੇ ਕਿ ਉਹ ਦਿਨਾਂ ਵਿਚ ਹੀ ਮੌੜ ਧਮਾਕੇ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਟਰੇਸ ਕਰ ਦੇਣਗੇ। ਇੰਨਾ ਜ਼ਰੂਰ ਹੈ ਕਿ ਜਾਂਚ ਗੁਰਤੇਜ ਕਾਲਾ ਤੱਕ ਪੁੱਜ ਗਈ ਸੀ ਪਰ ਕਾਲਾ ਨੂੰ ਫੜਨ ਤੋਂ ਪੁਲੀਸ ਢਿੱਲੀ ਪੈ ਗਈ ਹੈ।
ਇਸ ਦੀ ਵਜਾ ਇਹੋ ਦੱਸੀ ਜਾ ਰਹੀ ਹੈ ਕਿ ਉੱਚ ਅਧਿਕਾਰੀਆਂ ਨੇ ਜਾਂਚ ਰੋਕਣ ਦਾ ਇਸ਼ਾਰਾ ਕੀਤਾ ਹੈ। ਸੂਤਰਾਂ ਮੁਤਾਬਕ ਪੁਲੀਸ ਦੇ ਸੂਹੀਏ ਸਿਰਸਾ ਤਾਂ ਬੈਠੇ ਹਨ ਪਰ ਕਾਲੇ ਨੂੰ ਫੜਨ ਲਈ ਸਰਗਰਮੀ ਨਹੀਂ ਵਧਾਈ।
ਸੂਤਰ ਦੱਸਦੇ ਹਨ ਕਿ ਮੁਕਤਸਰ ਪੁਲੀਸ ਦੇ ਇੱਕ ਅਫਸਰ ਨੇ ਕਾਲਾ ਦੇ ਨੇੜਲਿਆਂ ਤੋਂ ਆਤਮ ਸਮਰਪਣ ਕਰਾਉਣ ਦੀ ਤਿਆਰੀ ਕੀਤੀ ਸੀ, ਪਰ ਕਹਾਣੀ ਉਦੋਂ ਵਿਗੜ ਗਈ ਜਦੋਂ ਮੁਹਾਲੀ ਤੇ ਸੰਗਰੂਰ ਪੁਲੀਸ ਦੀਆਂ ਟੀਮਾਂ ਨੇ ਆਪਹੁਦਰੇ ਢੰਗ ਨਾਲ ਇਨ੍ਹਾਂ ਨੇੜਲਿਆਂ ’ਤੇ ਛਾਪੇ ਮਾਰ ਲਏ। ਇੱਥੋਂ ਤੱਕ ਕਿ ਮੌੜ ਧਮਾਕੇ ਦੀ ਜਾਂਚ ਕਰਨ ਵਾਲੀ ਟੀਮ ’ਚੋਂ ਵੀ ਬਹੁਤੇ ਅਫ਼ਸਰ ਆਪੋ ਆਪਣੇ ਸਿਰ ਸਿਹਰਾ ਲੈਣ ਦੇ ਚੱਕਰ ਵਿਚ ਪੈ ਗਏ। ਡੀਜੀਪੀ ਇਸ ਤੋਂ ਖੁਸ਼ ਨਹੀਂ ਹਨ ਜਿਸ ਕਰ ਕੇ ਜਾਂਚ ਟੀਮ ਵਿਚ ਵੀ ਤਬਦੀਲੀ ਹੋ ਸਕਦੀ ਹੈ।   ਸੂਤਰ ਆਖਦੇ ਹਨ ਕਿ ਪੁਲੀਸ ਨੂੰ ਵੱਡਾ ਫ਼ਿਕਰ ਕਾਲਾ ਦੀ ਸੁਰੱਖਿਆ ਦਾ ਹੈ। ਮੀਡੀਆ ਵਿਚ ਮਾਮਲਾ ਆਉਣ ਕਰਕੇ ਨਾਲ ਸਿਰਫ਼ ਕਾਲਾ ਦੀ ਗ੍ਰਿਫਤਾਰੀ ਔਖੀ ਹੋ ਗਈ ਹੈ ਸਗੋਂ ਉਸ ਲਈ ਖ਼ਤਰਾ ਵੀ ਵਧ ਗਿਆ ਹੈ। ਸੂਤਰ ਦੱਸਦੇ ਹਨ ਕਿ ਕਾਲਾ ਡੇਰਾ ਸਿਰਸਾ ਦੇ ਕੁਰਬਾਨੀ ਦਲ ਦਾ ਵੀ ਮੈਂਬਰ ਹੈ। ਇੱਕ ਪੁਲੀਸ ਅਫਸਰ ਨੇ ਇੰਨਾ ਹੀ ਕਿਹਾ ਕਿ ਜਾਂਚ ਨਾ ਮੱਠੀ ਹੋਈ ਹੈ, ਨਾ ਤੇਜ਼।