ਕੋਟਕਪੂਰਾ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਦੇ ਆਉਂਦੇ ਮੌਨਸੂਨ ਸੈਸ਼ਨ ਦੌਰਾਨ ਨਸ਼ਿਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਕਰੀਨਿੰਗ ਕਰਵਾਈ ਜਾਵੇ, ਜਿਸ ਤੋਂ ਸੱਚ ਸਾਹਮਣੇ ਆ ਸਕੇ ਕਿ ਸੂਬੇ ਦੇ ਕਿਹੜੇ ਅਧਿਕਾਰੀ ਅਤੇ ਕਰਮਚਾਰੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ। ਉਨ੍ਹਾਂ ਇੱਥੇ ਪ੍ਰੇਮ ਨਗਰ ਵਿੱਚ ਪਿਛਲੇ ਦਿਨੀਂ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਬਲਵਿੰਦਰ ਸਿੰਘ (22) ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਕੈਪਟਨ ਨੂੰ ਸੂਬੇ ਵਿੱਚ ਨਸ਼ਿਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਨਸ਼ਿਆਂ ਦੀ ਰੋਕਥਾਮ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਬਣਾਈ ਤੇ ਉਸ ਦੀ ਰਿਪੋਰਟ ਵਿੱਚ ਆਇਆ ਕਿ ਪੰਜਾਬ ਵਿੱਚ ਨਸ਼ਾ ਵਿਕਵਾਉਣ ਦੇ ਕਾਰੋਬਾਰ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਡਾ. ਬਲਵੀਰ ਸਿੰਘ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਹਾਜ਼ਰ ਸਨ।
ਉਧਰ, ਮ੍ਰਿਤਕ ਬਲਵਿੰਦਰ ਸਿੰਘ ਦੇ ਪਿਤਾ ਮਦਨ ਲਾਲ ਤੇ ਮਾਂ ਕਸ਼ਮੀਰ ਕੌਰ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਪੁੱਤ ਦਾ ਨਾਮ ਨਸ਼ਿਆਂ ਨਾਲ ਨਾ ਜੋੜਿਆ ਜਾਵੇ, ਕਿਉਂਕਿ ਇਸ ਨਾਲ ਉਨ੍ਹਾਂ ਦੀ ਬਦਨਾਮੀ ਹੋ ਰਹੀ ਤੇ ਪੁਲੀਸ ਵਾਰ ਵਾਰ ਗੇੜੇ ਮਾਰਦੀ ਹੈ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਮ੍ਰਿਤਕ ਦੇ ਹੱਥ ਵਿੱਚ ਸਰਿੰਜ ਫੜੀ ਹੋਈ ਸੀ ਤੇ ਹੱਥ ’ਤੇ ਇੰਜੈਕਸ਼ਨ ਲੱਗਿਆ ਹੋਇਆ ਸੀ ਤਾਂ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਆਇਆ ਹੈ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਕਾਲੇ ਪੀਲੀਏ ਨਾਲ ਹੋਈ ਹੈ। ਬਲਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੂਜੇ ਪਾਸੇ, ਕੋਟਕਪੂਰਾ ਪੁਲੀਸ ’ਤੇ ਨਸ਼ਾ ਵਿਕਵਾਉਣ ਦੇ ਲੱਗੇ ਦੋਸ਼ਾਂ ਵਾਲੀ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਪੁਲੀਸ ਨੇ ਅਰਸ਼ਦੀਪ ਸਿੰਘ ਉਰਫ ਆਸ਼ੂ, ਬਬਲੂ, ਲਖਵਿੰਦਰ ਸਿੰਘ ਉਰਫ ਖਿੱਦਾ ਤੇ ਰਜਿੰਦਰ ਸਿੰਘ ਉਰਫ ਕਾਲੀ ਵਾਸੀ ਕੋਟਕਪੂਰਾ ਖ਼ਿਲਾਫ਼ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਰਜਿੰਦਰ ਸਿੰਘ, ਅਰਸ਼ਦੀਪ ਸਿੰਘ, ਬਬਲੂ ਤੇ ਲਖਵਿੰਦਰ ਸਿੰਘ ਉਰਫ ਖਿੱਦਾ ਨੂੰ ਗ੍ਰਿਫ਼ਤਾਰ ਕੀਤਾ ਹੈ।