ਬਾਰਾਸਾਤ — ਦੀਪਨਦਾ ਡਿਕਾ ਦੇ ਦੋ ਗੋਲਾਂ ਦੀ ਮਦਦ ਨਾਲ ਮੋਹਨ ਬਾਗਾਨ ਐਤਵਾਰ ਨੂੰ ਇਥੇ ਚਰਚਿਲ ਬ੍ਰਦਰਸ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਆਈ-ਲੀਗ ਫੁੱਟਬਾਲ ਟੂਰਨਾਮੈਂਟ ਵਿਚ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਿਆ। ਮੀਂਹ ਵਿਚਾਲੇ ਖੇਡੇ ਗਏ ਮੈਚ ‘ਚ ਬਾਗਾਨ ਨੇ ਗੋਲਾਂ ਦਾ ਵੀ ਮੀਂਹ ਵਰ੍ਹਾ ਦਿੱਤਾ। ਉਸ ਵਲੋਂ ਅੰਸ਼ੁਮਾਨ ਕ੍ਰੋਮਾਹ ਨੇ 23ਵੇਂ ਮਿੰਟ ‘ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਦੀਪਨਦਾ ਨੇ 34ਵੇਂ ਤੇ 36ਵੇਂ ਮਿੰਟ ਵਿਚ ਗੋਲ ਕਰ ਕੇ ਹਾਫ ਟਾਈਮ ਤੋਂ ਤੁਰੰਤ ਬਾਅਦ ਸਕੋਰ 3-0 ਕਰ ਦਿੱਤਾ। ਮੋਹੰਮਡਨ ਸਪੋਰਟਿੰਗ ਦੇ ਸਾਬਕਾ ਮਿਡਫੀਲਡਰ ਸ਼ੇਖ ਫੈਯਾਜ਼ ਨੇ 49ਵੇਂ ਮਿੰਟ ਵਿਚ ਚੌਥਾ ਗੋਲ ਕੀਤਾ, ਜਦਕਿ ਕਪਤਾਨ ਸੋਨੀ ਨੋਰਡ ਨੇ 84ਵੇਂ ਮਿੰਟ ‘ਚ ਗੋਲ ਕੀਤਾ।
ਹੁਣ ਤਿੰਨ ਰਾਊਂਡਜ਼ ਤੋਂ ਬਾਅਦ ਮੋਹਨ ਬਾਗਾਨ ਤੇ ਮਿਨਰਵਾ ਪੰਜਾਬ ਦੋਵਾਂ ਦੇ 7-7 ਅੰਕ ਹਨ ਪਰ ਕੋਲਕਾਤਾ ਦੀ ਟੀਮ ਗੋਲ ਫਰਕ ਨਾਲ ਅੱਗੇ ਹੈ ਤੇ ਅੰਕ ਸੂਚੀ ‘ਚ ਚੋਟੀ ‘ਤੇ ਕਾਬਜ਼ ਹੋ ਗਈ ਹੈ।