ਰੋਪੜ, 3 ਜਨਵਰੀ

ਮੋਰਿੰਡਾ ਨੇੜੇ ਭਾਖੜਾ ਨਹਿਰ ‘ਚ 40 ਸਾਲਾ ਮਰਚੈਂਟ ਨੇਵੀ ਅਧਿਕਾਰੀ ਦੇ ਡੁੱਬਣ ਦਾ ਖਦਸ਼ਾ ਹੈ। ਘਟਨਾ ਸੋਮਵਾਰ ਸ਼ਾਮ ਦੀ ਹੈ। ਪੀੜਤ ਦੀ ਪਛਾਣ ਮੁਹਾਲੀ ਦੇ ਸੈਕਟਰ 3ਬੀ1 ਦੇ ਵਸਨੀਕ ਰਮਨਦੀਪ ਸਿੰਘ ਵਜੋਂ ਹੋਈ ਹੈ। ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਿਕਨਿਕ ਮਨਾਉਣ ਗਿਆ ਸੀ। ਉਸ ਦਾ ਭਰਾ, ਜੈ ਵੀਰ ਸਿੰਘ, ਜੋ ਭਾਰਤੀ ਜਲ ਸੈਨਾ ਵਿੱਚ  ਕਪਤਾਨ ਹੈ, ਐੱਨਡੀਆਰਐੱਫ ਦੀ ਟੀਮ ਦੀ ਮਦਦ ਨਾਲ ਪੀੜਤ ਦੀ ਭਾਲ ਕਰ ਰਿਹਾ ਹੈ। ਕੈਪਟਨ ਜੈ ਵੀਰ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਕੁੱਤੇ ਨਾਲ ਪਿਕਨਿਕ ਮਨਾਉਣ ਗਿਆ ਸੀ, ਜਦੋਂ ਉਹ ਸ਼ਾਮ 5 ਵਜੇ ਦੇ ਕਰੀਬ ਨਹਿਰ ਦੇ ਕੰਢੇ ਸੈਰ ਕਰ ਰਹੇ ਸਨ ਤਾਂ ਕੁੱਤਾ ਨਹਿਰ ਵਿੱਚ ਡਿੱਗ ਗਿਆ ਅਤੇ ਰਮਨਦੀਪ ਨੇ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਕੁੱਤੇ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਸੀ, ਜਦਕਿ ਰਿਪੋਰਟ ਲਿਖੇ ਜਾਣ ਤੱਕ ਰਮਨਦੀਪ ਲਾਪਤਾ ਸੀ। ਰੋਪੜ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਲਾਪਤਾ ਮਰਚੈਂਟ ਨੇਵੀ ਅਫਸਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।