ਪੰਚਕੂਲਾ, 26 ਜੁਲਾਈ
ਮੋਰਨੀ ਗੈਂਗਰੇਪ ਮਾਮਲੇ ਵਿੱਚ ਪੀੜਤਾ ਦੇ ਪਤੀ ਇਰਫਾਨ ਨੂੰ ਅੱਜ ਐਸਆਈਟ ਨੇ ਕਾਬੂ ਕਰ ਲਿਆ। ਮੋਬਾਈਲ ਕਾਲ ਰਿਕਾਰਡਿੰਗ ਤਹਿਤ ਉਹ ਆਪਣੀ ਪਤਨੀ ਤੋਂ ਕਥਿਤ ਤੌਰ ’ਤੇ ਦੇਹ-ਵਪਾਰ ਕਰਵਾਉਂਦਾ ਸੀ ਅਤੇ ਵੱਡੀ ਕਮਾਈ ਕਰਦਾ ਸੀ। ਅੱਜ ਉਸ ਨੂੰ ਫੜ ਕੇ ਐਸਆਈਟੀ ਨੇ ਜ਼ਿਲ੍ਹਾ ਅਦਾਲਤ ਦੇ ਜੱਜ ਕੋਲ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਨੇ ਇਹ ਮਾਮਲਾ ਉਦੋਂ ਸੁਲਝਾਇਆ, ਜਦੋਂ ਉਸ ਨੇ ਪੀੜਤਾ ਦੇ ਪਤੀ ਇਰਫਾਨ ਨਾਲ ਸਖ਼ਤੀ ਵਰਤਾਈ। ਇਰਫਾਨ ਚੰਡੀਗੜ੍ਹ ਮਨੀਮਾਜਰਾ ਦਾ ਨਿਵਾਸੀ ਹੈ।
ਗੈਸਟ ਹਾਊਸ ਦਾ ਮਾਲਕ ਸੰਨੀ ਲਗਾਤਾਰ ਇਰਫਾਨ ਦੇ ਟੈਲੀਫੋਨ ਉਤੇ ਸੰਪਰਕ ਵਿੱਚ ਸੀ ਅਤੇ ਇਰਫਾਨ ਉਸ ਕੋਲੋਂ ਮੋਟੇ ਪੈਸੇ ਦੀ ਮੰਗ ਕਰਦਾ ਸੀ ਅਤੇ ਅਖੀਰ ਸੰਨੀ ਨੇ ਉਸ ਦੀ ਪਤਨੀ ਨੂੰ ਬੰਦੀ ਬਣਾ ਲਿਆ ਅਤੇ ਫੇਰ ਪੀੜਤਾ ਦੇ ਪਤੀ ਨੇ 40 ਵਿਅਕਤੀਆਂ ਦੇ ਸਿਰ ਬਲਾਤਕਾਰ ਦਾ ਕੇਸ ਪਵਾ ਦਿੱਤਾ। ਅਸਲ ਵਿੱਚ ਪੀੜਤਾ ਦਾ ਪਤੀ, ਪੀੜਤ ਮਹਿਲਾ ਅਤੇ ਗੈਸਟ ਹਾਊਸ ਦਾ ਮਾਲਕ ਸੰਨੀ ਇਕ-ਦੂਜੇ ਦੇ ਲੰਮੇ ਸਮੇਂ ਤੋਂ ਵਾਕਫ ਸਨ।