ਕੀਰਤਪੁਰ ਸਾਹਿਬ (ਪੰਜੇਹਰਾ), 7 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਨਾਲਾਗੜ੍ਹ ਅਧੀਨ ਆਉਂਦੇ ਕਸਬਾ ਪੰਜੇਹਰਾ ਪਹੁੰਚ ਕੇ ਕੀਤੀ ਚੋਣ ਰੈਲੀ ਦੌਰਾਨ ਐਲਾਨ ਕੀਤਾ ਕਿ ਹੁਣ ਨਾਲਾਗੜ੍ਹ ਦੇ ਟਰੱਕ ਅਪਰੇਟਰਾਂ ਨੂੰ ਪੰਜਾਬ ਪੁਲੀਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੁਲੀਸ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰੇਗੀ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਹੱਕ ’ਚ ਬੀਤੇ ਦੋ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਉਹ ਸਰਹੱਦੀ ਕਸਬਾ ਪੰਜੇਹਰਾ ਪਹੁੰਚੇ ਤੇ ਨਾਲਾਗੜ੍ਹ ਹਲਕੇ ਤੋਂ ਕਾਂਗਰਸੀ ਉਮੀਦਵਾਰ ਲਖਵਿੰਦਰ ਰਾਣਾ ਦੇ ਹੱਕ ’ਚ ਪ੍ਰਚਾਰ ਕਰਦਿਆਂ ਰੈਲੀ ਨੂੰ ਸੰਬੋਧਨ ਕੀਤਾ।
ਇਸ ਮੌਕੇ ਕੈਪਟਨ ਨੇ ਵੱਡੀ ਗਿਣਤੀ ਵਿੱਚ ਮੌਜੂਦ ਟਰੱਕ ਅਪਰੇਟਰਾਂ ਨੂੰ ਕਾਂਗਰਸੀ ਵਰਕਰਾਂ ਤੇ ਹਲਕੇ ਦੇ ਵੋਟਰਾਂ ਦੀ ਹਾਜ਼ਰੀ ਵਿੱਚ ਪ੍ਰੇਸ਼ਾਨ ਨਾ ਕਰਨ ਦਾ ਐਲਾਨ ਹੀ ਨਹੀਂ ਕੀਤਾ ਬਲਕਿ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ।
ਸਥਾਨਕ ਲੋਕਾਂ ਦੀ ਮੰਗ ’ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵੱਲ ਆਉਂਦੀਆਂ ਸਾਰੀਆਂ ਸੜਕਾਂ- ਚੰਗਰ ਦੀਆਂ ਸੜਕਾਂ ਅਤੇ ਭਰਤਗੜ੍ਹ, ਕੋਟਲਾ ਤੇ ਕੀਰਤਪੁਰ ਸਾਹਿਬ ਵਾਲੇ ਪਾਸੇ ਤੋਂ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।
ੳੁਨ੍ਹਾਂ ਕਿਹਾ ਕਿ ਨਾਲਾਗੜ੍ਹ ਨਾਲ ੳੁਨ੍ਹਾਂ ਦਾ ਨਿੱਜੀ ਰਿਸ਼ਤਾ ਹੈ ਤੇ ਰਾਜ ਪਰਿਵਾਰ ਨਾਲ ਨਜ਼ਦੀਕੀ ਸਬੰਧ ਹਨ। ਇਹੀ ਕਾਰਨ ਹੈ ਕਿ ਉਹ ਇਸ ਹਲਕੇ ਦੇ ਲੋਕਾਂ ਨੂੰ ਵੀ ਆਪਣੇ ਕਰੀਬੀ ਸਮਝਦੇ ਹਨ। ਉਨ੍ਹਾਂ ਲੋਕਾਂ ਨੂੰ ਲਖਵਿੰਦਰ ਰਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨਾ ਮਰਜ਼ੀ ਚੋਣ ਪ੍ਰਚਾਰ ਕਰ ਲੈਣ, ਪਰ ਹਿਮਾਚਲ ਦੀ ਜਨਤਾ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਭੇਜੇਗੀ ਅਤੇ ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਦੁਬਾਰਾ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਨੇ ਆਮ ਲੋਕਾਂ ਦੀ ਕਮਰ ਹੀ ਨਹੀਂ ਤੋੜੀ ਬਲਕਿ ਕਾਰੋਬਾਰ ਬਰਬਾਦੀ ਦੇ ਕੰਢੇ ਲਿਆ ਦਿੱਤੇ ਹਨ। ਇਸ ਮੌਕੇ ਵਿਧਾਇਕ ਬਲਵੀਰ ਸਿੰਘ ਸਿੱਧੂ, ਲਖਵਿੰਦਰ ਰਾਣਾ, ਬਲਾਕ ਕਾਂਗਰਸ ਪ੍ਰਧਾਨ ਅਸੀਮ ਸ਼ਰਮਾ ਤੇ ਮਨੋਜ ਵਰਮਾ ਹਾਜ਼ਰ ਸਨ।