ਮੋਗਾ, 9 ਜੂਨ
ਇਥੇ ਥਾਣਾ ਸਦਰ ਅਧੀਨ ਪਿੰਡ ਖੋਸਾ ਪਾਂਡੋ ਵਿੱਚ ਲੰਘੀ ਰਾਤ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਪੁਲੀਸ ਉੱਤੇ ਤਾਬੜਤੋੜ ਗੋਲੀਬਾਰੀ ਨਾਲ ਹੌਲਦਾਰ ਜਗਮੋਹਨ ਸਿੰਘ ਦੀ ਮੌਤ ਹੋ ਗਈ ਅਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਤੇ ਹੌਲਦਾਰ ਵੇਦਮ ਸਿੰਘ ਜ਼ਖ਼ਮੀ ਹੋ ਗਏ। ਪੁਲੀਸ ਫ਼ਾਈਰਿੰਗ ਦੌਰਾਨ ਮੁਲਜ਼ਮ ਗੋਲੀਆਂ ਚਲਾਉਂਦਾ ਗੱਡੀ ’ਚ ਫ਼ਰਾਰ ਹੋ ਗਿਆ ਅਤੇ ਪੁਲੀਸ ਨੇ ਪਿੱਛਾ ਕਰਕੇ ਉਸ ਨੂੰ ਜਖ਼ਮੀ ਹਾਲਤ ’ਚ ਕਾਬੂ ਕਰ ਲਿਆ ਹੈ। ਮੁਲਜ਼ਮ ਨੂੰ ਗੋਲੀਆਂ ਲੱਗਣ ਕਾਰਨ ਪੁਲੀਸ ਪਹਿਰੇ ਹੇਠ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਦੇ ਬਿਆਨ ਉੱਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 302/307/353/186/25/27/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਗੁਰਵਿੰਦਰ ਸਿੰਘ ਖ਼ਿਲਾਫ਼ ਉਸ ਦੇ ਸਕੇ ਚਾਚਾ ਬਲਦੇਵ ਸਿੰਘ ਨੇ ਤੂੜੀ ਨੂੰ ਅੱਗ ਲਗਾਉਣ ਦੀ 8 ਜੂਨ ਨੂੰ ਐੱਸਐੱਸਪੀ ਕੋਲ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਉੱਤੇ ਕਾਰਵਾਈ ਲਈ ਸਦਰ ਪੁਲੀਸ ਰਾਤ ਨੂੰ ਗਈ ਸੀ।