ਮੋਗਾ,ਇਥੇ ਅਕਾਲਸਰ ਰੋਡ ਉਤੇ ਭੀੜ-ਭਾੜ ਵਾਲੇ ਬਾਜ਼ਾਰ ’ਚ ਦੁਪਹਿਰੇ ਤਕਰੀਬਨ ਡੇਢ ਵਜੇ ਹੋਈ ਗੈਂਗਵਾਰ ਦੌਰਾਨ ਇਕ ਧੜੇ ਦੇ 3 ਵਿਅਕਤੀ ਜ਼ਖ਼ਮੀ ਹੋ ਗਏ। ਹਾਕਮ ਧਿਰ ਨਾਲ ਜੁੜੇ ਗੁੱਟ ਦੇ ਵੀ ਤਿੰਨ ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਗੋਲੀ ਲੱਗਣ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਨੌਜਵਾਨ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਗੈਂਗਵਾਰ ਲੰਡੀ-ਪਿੰਦੀ ਤੇ ਰਿੰਕੂ ਜਗਰਾਉਂ ਤੇ ਨੀਲਾ ਗਰੁੱਪਾਂ ’ਚ ਪੁਰਾਣੀ ਰੰਜਿਸ਼ ਤਹਿਤ ਹੋਈ ਦੱਸੀ ਜਾਂਦੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਹੁੰਦਲ, ਡੀਐਸਪੀ ਸਿਟੀ ਗੋਬਿੰਦਰ ਸਿੰਘ ਅਤੇ ਡੀਐਸਪੀ ਸਰਬਜੀਤ ਸਿੰਘ ਬਾਹੀਆ ਆਦਿ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਸਿਟੀ ਦੱਖਣੀ ਮੁਖੀ ਲਵਦੀਪ ਸਿੰਘ ਗਿੱਲ ਨੇ ਕਿਹਾ ਕਿ ਜ਼ਖ਼ਮੀ ਵਿਕਾਸ ਕੁਮਾਰ ਦੇ ਬਿਆਨਾਂ ਉਤੇ ਰਿੰਕੂ, ਗਗਨਾ, ਮੀਤਾ ਤੇ ਸੀਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹਮਲੇ ’ਚ ਤੇਜ਼ਧਾਰ ਹਥਿਆਰ (ਕਾਪਾ) ਨਾਲ ਜ਼ਖ਼ਮੀ ਹੋਏ ਨੌਜਵਾਨ ਦੇ ਪਿਤਾ ਸੁਰਿੰਦਰ ਕੁਮਾਰ ਛਿੰਦਾ ਨੇ ਦੱਸਿਆ ਕਿ ਉਸ ਦਾ ਲੜਕਾ ਅਕਾਲਸਰ ਰੋਡ ਉਤੇ ਜਾ ਰਿਹਾ ਸੀ ਤਾਂ ਕਤਲ ਕੇਸ ’ਚੋਂ ਜ਼ਮਾਨਤ ਉਤੇ ਆਏ ਨੀਲਾ ਤੋਂ ਇਲਾਵਾ ਸੀਰਾ, ਰਿੰਕੂ ਜਗਰਾਉਂ ਤੇ ਗਗਨਾ ਆਦਿ ਨੇ ਉਸ ਨੂੰ ਘੇਰ ਲਿਆ। ਉਹ ਜਾਨ ਬਚਾਉਣ ਲਈ ਦੁਕਾਨ ’ਚ ਵੜ ਗਿਆ ਤੇ ਹਮਲਾਵਰ ਵੀ ਪਿੱਛੇ ਪਹੁੰਚ ਗਏ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਗਏ। ਸਾਹਿਲ ਦੇ ਦੂਜੇ ਸਾਥੀ ਵੀ ਉਥੇ ਪਹੁੰਚ ਗਏ ਅਤੇ ਗੋਲੀ ਲੱਗਣ ਨਾਲ ਵਰਿੰਦਰ ਸਿੰਘ ਉਰਫ਼ ਪਿੰਡੀ ਤੇ ਵਿਕਾਸ ਜਿੰਦਲ ਗੋਲੀਆਂ ਲੱਗਣ ਨਾਲ, ਸਾਹਿਲ ਤੇ ਅਮਨਾ ਤੇਜ਼ਧਾਰ ਹਥਿਆਰਾਂ ਕਾਰਨ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ’ਚ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸ ਆਗੂ ਦੇ ਗੰਨਮੈਨ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਛਿੰਦਾ ਨੇ ਕਿਹਾ ਕਿ ਪੁਲੀਸ ਉਸ ਨੂੰ ਬਚਾਉਣ ਲਈ ਝੂਠ ਮਾਰ ਰਹੀ ਹੈ। ਕੌਂਸਲਰ ਤੇ ਅਕਾਲੀ ਆਗੂ ਗੁਰਮਿੰਦਰਜੀਤ ਸਿੰਘ ਬਬਲੂ ਨੇ ਅਧਿਕਾਰੀਆਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਕਿਸੇ ਨਾਲ ਲਿਹਾਜ ਕੀਤਾ ਤਾਂ ਉਹ ਧਰਨਾ ਦੇਣਗੇ। ਡੀਐਸਪੀ (ਆਈ) ਸਰਬਜੀਤ ਸਿੰਘ ਬਾਹੀਆ ਨੇ ਕੌਂਸਲਰ ਨੂੰ ਭਰੋਸਾ ਦਿੱਤਾ ਕਿ ਕਿਸੇ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਵਿਧਾਇਕ ਡਾ. ਹਰਜੋਤ ਕਮਲ ਤੋਂ ਇਲਾਵਾ ਕਾਂਗਰਸ ਆਗੂ ਸੀਰਾ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ।