ਬ੍ਰਿਸਟਲ, 26 ਸਤੰਬਰ
ਮੋਈਨ ਅਲੀ ਦੇ ਤੂਫਾਨੀ ਸੈਂਕੜੇ ਨਾਲ ਇੰਗਲੈਂਡ ਨੇ ਇੱਥੇ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ 124 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ। ਮੋਈਨ ਵੱਲੋਂ 53 ਗੇਂਦਾਂ ਵਿੱਚ ਬਣਾਏ ਗਏ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਨੌਂ ਵਿਕਟਾਂ ’ਤੇ 369 ਦੌੜਾਂ ਬਣਾਈਆਂ।
ਮੋਈਨ ਨੇ ਆਪਣਾ ਦੂਜਾ ਅਰਧ ਸੈਂਕੜਾ ਸਿਰਫ 12 ਗੇਂਦਾਂ ਵਿੱਚ ਪੂਰਾ ਕੀਤਾ। ਉਸ ਨੇ ਆਪਣੀ ਪਾਰੀ ਵਿੱਚ ਅੱਠ ਛੱਕੇ ਅਤੇ ਸੱਤ ਚੌਕੇ ਮਾਰੇ। ਇੰਗਲੈਂਡ ਦਾ ਇਹ ਸਕੋਰ ਵੈਸਟਇੰਡੀਜ਼ ਖ਼ਿਲਾਫ਼ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਉਸ ਨੇ 2009 ਵਿੱਚ ਬਰਮਿੰਘਮ ਵਿੱਚ 328 ਦੌੜਾਂ ਬਣਾਈਆਂ ਸਨ। ਇਸ ਰੂਪ ਵਿੱਚ ਇਹ ਇੰਗਲੈਂਡ ਦਾ ਪੰਜਵਾਂ ਸਭ ਤੋਂ ਵੱਡਾ ਸਕੋਰ ਹੈ। ਕ੍ਰਿਸ ਗੇਲ (78 ਗੇਂਦਾਂ ਵਿੱਚ 94 ਦੌੜਾਂ) ਜਦੋਂ ਤੱਕ ਕਰੀਜ਼ ’ਤੇ ਸੀ ਉਦੋਂ ਤੱਕ ਟੀਮ ਦੀ ਆਸ ਕਾਇਮ ਸੀ ਪਰ ਉਸ ਦੇ ਰਨਆਊਟ ਹੋਣ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ 39.1 ਓਵਰਾਂ ਵਿੱਚ 245 ਦੌੜਾਂ ’ਤੇ ਸਿਮਟ ਗਈ।
ਗੇਲ ਨੇ ਆਪਣੀ ਪਾਰੀ ਵਿੱਚ ਨੌਂ ਚੌਕੇ ਤੇ ਛੇ ਛੱਕੇ ਲਾਏ। ਵੈਸਟਇੰਡੀਜ਼ ਵੱਲੋਂ ਜੇਸਨ ਮੁਹੰਮਦ (38) ਅਤੇ ਕਪਤਾਨ ਜੇਸਨ ਹੋਲਡਰ (34) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਬਦਲਣ ਵਿੱਚ ਨਾਕਾਮ ਰਹੇ। ਇੰਗਲੈਂਡ ਲਈ ਲਿਆਮ ਪਲੰਕੇਟ ਨੇ 52 ਦੌੜਾਂ ਦੇ ਕੇ ਪੰਜ ਵਿਕਟਾਂ ਜਦੋਂਕਿ ਆਦਿਲ ਰਾਸ਼ਿਦ ਨੇ 34 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਇੰਗਲੈਂਡ ਵੱਲੋਂ ਮੋਈਨ ਤੋਂ ਇਲਾਵਾ ਜੋਅ ਰੂਟ ਨੇ ਵੀ 79 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 84 ਦੌੜਾਂ ਦੀ ਪਾਰੀ ਖੇਡੀ। ਉਸ ਨੇ ਬੈਨ ਸਟੋਕਸ (73) ਨਾਲ ਚੌਥੇ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਮੋਈਨ ਤੇ ਕ੍ਰਿਸ ਵੋਕਸ (34) ਨੇ 76 ਗੇਂਦਾਂ ਵਿੱਚ 117 ਦੌੜਾਂ ਦੀ ਸਾਂਝੇਦਾਰੀ ਕੀਤੀ।