ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮਗਰੋਂ ਸਾਬਕਾ ਆਈਏਐਸ ਅਧਿਕਾਰੀ ਸਿੱਧਾ ਸਕੂਲ ਬੋਰਡ ਦੇ ਦਫ਼ਤਰ ਪੁੱਜੇ ਅਤੇ ਚੇਅਰਮੈਨ ਵਾਲੀ ਕੁਰਸੀ ’ਤੇ ਬੈਠਣ ਦੀ ਬਜਾਏ ਸਾਹਮਣੇ ਵਾਲੀ ਕੁਰਸੀ ’ਤੇ ਬੈਠ ਕੇ ਫਾਈਲ ’ਤੇ ਦਸਤਖ਼ਤ ਕੀਤੇ। ਚੇਅਰਮੈਨ ਦੀ ਕੁਰਸੀ ’ਤੇ ਨਾ ਬੈਠਣ ਬਾਰੇ ਉਨ੍ਹਾਂ ਕਿਹਾ ਕਿ ਉਹ ਭਲਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੀ ਮੌਜੂਦਗੀ ਵਿੱਚ ਇਸ ਕੁਰਸੀ ’ਤੇ ਬੈਠਣਗੇ।
ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕਲੋਹੀਆ ਨੇ ਫਤਹਿ  ਬੁਲਾਉਂਦਿਆਂ ਠੇਠ ਪੰਜਾਬੀ ਵਿੱਚ ਗੱਲ ਕੀਤੀ। ਉਨ੍ਹਾਂ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਸੇਵਾਭਾਵਨਾ ਨਾਲ ਨਿਭਾਉਣਗੇ। ਪੰਜਾਬ ਅਤੇ ਪੰਜਾਬੀ ਬਾਰੇ ਗਿਆਨ ਨਾ ਹੋਣ ਸਬੰਧੀ ਕਿਆਸਅਰਾਈਆਂ ਨੂੰ ਦੂਰ ਕਰਦਿਆਂ ਸ੍ਰੀ ਕਲੋਹੀਆ ਨੇ ਕਿਹਾ ਕਿ ਉਹ ਗੁਰਦਾਸਪੁਰ ਦੇ ਜੰਮਪਲ ਹਨ। ਉਨ੍ਹਾਂ ਨੇ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਪੜ੍ਹਾਈ ਕੀਤੀ ਹੈ। ਆਈਏਐਸ ਦੀ ਪ੍ਰੀਖਿਆ ਤੋਂ ਬਾਅਦ ਉਨ੍ਹਾਂ ਨੂੰ ਰਾਜਸਥਾਨ ਕਾਡਰ ਮਿਲਿਆ, ਜਿੱਥੇ ਉਨ੍ਹਾਂ ਨੇ ਢਾਈ ਸਾਲ ਤੱਕ ਡੀਪੀਆਈ ਵਜੋਂ ਸੇਵਾਵਾਂ ਨਿਭਾਈ ਹੈ। ਉਹ ਸਿੱਖਿਆ ਖੇਤਰ ਦੀਆਂ ਮੁਸ਼ਕਲਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ। ਇਸ ਮਗਰੋਂ ਨਵੇਂ ਚੇਅਰਮੈਨ ਨੇ ਬੋਰਡ ਦੇ ਅਧਿਕਾਰੀਆਂ ਅਤੇ ਸਮੂਹ ਸ਼ਾਖਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਕੇ ਦਫ਼ਤਰੀ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਿੰਗਲ ਵਿੰਡੋ ਸਿਸਟਮ ’ਤੇ ਜਾ ਕੇ ਕੰਮ ਦਾ ਨਿਰੀਖਣ ਕੀਤਾ ਅਤੇ ਦੂਰ-ਦੁਰਾਡੇ ਤੋਂ ਆਏ ਲੋਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਸ੍ਰੀ ਕਲੋਹੀਆ ਨੂੰ ਉਨ੍ਹਾਂ ਦੀ ਨਿਯੁਕਤੀ ਸਬੰਧੀ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਅਤੇ ਹੋਰਾਂ ਵੱਲੋਂ ਵਿਰੋਧ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਕੀਤੀ ਹੈ।