ਨਵੀ ਮੁੰਬਈ — ਸਪੇਨ ਦੇ ਮੁੱਖ ਕੋਚ ਸੈਂਟੀਆਗੋ ਡੇਨੀਆ ਨੇ ਇੱਥੇ ਫੀਫਾ ਅੰਡਰ-17 ਵਿਸ਼ਵ ਕੱਪ ਸੈਮੀਫਾਈਨਲ ‘ਚ ਮਾਲੀ ‘ਤੇ 3-1 ਦੀ ਜਿੱਤ ਦੇ ਬਾਅਦ ਕਿਹਾ ਕਿ ਸਟੇਡੀਅਮ ‘ਚ ਆਯੋਜਕਾਂ ਵੱਲੋਂ ਵੱਡੀ ਸਕ੍ਰੀਨ ‘ਤੇ ਦਿਖਾਏ ਜਾਣ ਵਾਲੇ ਰਿਪਲੇਅ ਨੂੰ ਹਟਾ ਦਿੱਤਾ ਜਾਵੇ। ਡੇਨੀਆ ਨੇ ਬੀਤੀ ਰਾਤ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਮੈਂ ਇਸ ਸਵਾਲ ਦੀ ਉਮੀਦ ਕੀਤੀ ਸੀ। ਮੈਂ ਸਮਝਦਾ ਹਾਂ ਕਿ ਮਾਲੀ ਦੇ ਕੋਚ (ਜੋਨਾਸ ਕੋਮਲਾ) ਨਿਰਾਸ਼ ਹਨ ਅਤੇ ਜੇਕਰ (ਮਾਲੀ ਨੂੰ ਦਿੱਤਾ ਗਿਆ ਗੋਲ) ਮੈਚ ਦਾ ਰੁਖ ਬਦਲ ਸਕਦਾ ਸੀ ਜਾਂ ਨਹੀਂ, ਇਹ ਕਹਿਣਾ ਆਸਾਨ ਨਹੀਂ ਹੈ। ਅਸੀਂ ਚੰਗਾ ਮੈਚ ਖੇਡ ਰਹੇ ਸੀ ਅਤੇ ਦਬਦਬਾ ਬਣਾਏ ਹੋਏ ਸੀ। 

ਉਨ੍ਹਾਂ ਕਿਹਾ, ”ਜਿੱਥੋਂ ਤੱਕ ਸਪੈਨਿਸ਼ ਟੀਮ ਦਾ ਸਵਾਲ ਹੈ ਤਾਂ ਸਾਨੂੰ ਰੈਫਰੀ ਦਾ ਸਨਮਾਨ ਕਰਨ ਦੀ ਜ਼ਰੂਰਤ ਹੈ। ਇਹ ਆਸਾਨ ਕੰਮ ਨਹੀਂ ਹੈ। ਆਯੋਜਕਾਂ ਵੱਲੋਂ ਸਟੇਡੀਅਮ ਦੇ ਅੰਦਰ ਲੱਗੇ ਵੱਡੇ ਸਕੋਰਬੋਰਡ ‘ਤੇ ਮੈਚ ਰਿਪਲੇਅ ਵਾਰ-ਵਾਰ ਦੋਹਰਾਏ ਨਹੀਂ ਜਾਣੇ ਚਾਹੀਦੇ। ਮੈਂ ਕਹਾਂਗਾ ਕਿ ਰਿਪਲੇਅ ਨਹੀਂ ਦਿਖਾਏ ਜਾਣੇ ਚਾਹੀਦੇ ਸਨ ਕਿਉਂਕਿ ਇਸ ਨਾਲ ਰੈਫਰੀ ਅਤੇ ਲੋਕ ਪ੍ਰਭਾਵਿਤ ਹੋ ਸਕਦੇ ਹਨ।