ਸ੍ਰੀ ਮੁਕਤਸਰ ਸਾਹਿਬ, 4 ਜਨਵਰੀ
ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸ਼੍ਰੋਮਣੀ ਖ਼ਾਲਸਾ ਪੰਚਾਇਤ ਤੇ ਸਿੱਖ ਵਿਰਸਾ ਕੌਂਸਲ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਲਾ ਮਾਘੀ ਮੌਕੇ ਸਿਆਸੀ ਕਾਨਫ਼ਰੰਸਾਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਵਫ਼ਦ ਵਿੱਚ ਸ਼ਾਮਲ ਸੁਖਜੀਤ ਸਿੰਘ ਖੋਸੇ, ਤਰਲੋਚਨ ਸਿੰਘ ਸੋਹਨ, ਰਣਜੀਤ ਸਿੰਘ ਉਪੋਕੇ, ਮਨਿੰਦਰ ਸਿੰਘ ਮੁਕਤਸਰ, ਟਹਿਲ ਸਿੰਘ, ਸਰੂਪ ਸਿੰਘ ਭੁੱਲਰ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਧਾਰਮਿਕ ਮੇਲਿਆਂ ਮੌਕੇ ਰਾਜਨੀਤਕ ਪਾਰਟੀਆਂ ਦੂਸ਼ਣਬਾਜ਼ੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਜੋੜ ਮੇਲ ਮੌਕੇ ਸਿਆਸੀ ਕਾਨਫ਼ਰੰਸਾਂ ਰੱਦ ਕੀਤੇ ਜਾਣ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮੇਲਾ ਮਾਘੀ ਮੌਕੇ ਸਿਆਸੀ ਕਾਨਫ਼ਰੰਸਾਂ ਨਾ ਕਰਨ ਦਾ ਫ਼ੈਸਲਾ ਕੀਤਾ ਹੈ, ਪਰ ਪੰਥਕ ਪਾਰਟੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਇਹ ਕਾਨਫਰੰਸਾਂ ਕਰਨ ਲਈ ਬਜ਼ਿੱਦ ਹਨ। ਆਗੂਆਂ ਨੇ ਮੰਗ ਕੀਤੀ ਹੈ ਕਿ ਮੇਲਾ ਮਾਘੀ ਮੌਕੇ ਵੀ ਸਾਰੀਆਂ ਸਿਆਸੀ ਕਾਨਫ਼ਰੰਸਾਂ ਰੱਦ ਕੀਤੀਆਂ ਜਾਣ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਨੇ ਕਿਹਾ ਕਿ ਉਹ ਮੰਗ ਪੱਤਰ ਸਰਕਾਰ ਤੱਕ ਪੁੱਜਦਾ ਕਰ ਦੇਣਗੇ।