ਚੰਡੀਗੜ੍ਹ, 4 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਦੀਆਂ ਇਹ ਟਿੱਪਣੀਆਂ ਭਾਜਪਾ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਦੇ ਤੇ ਬੇਬੁਨਿਆਦ ਬਿਆਨਾਂ ਰਾਹੀਂ ਉਨ੍ਹਾਂ ਅਤੇ ਕਾਂਗਰਸ ਹਾਈਕਮਾਂਡ ਵਿਚਾਲੇ ਪਾੜਾ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹਨ। ਕੈਪਟਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅੰਦਰੂਨੀ ਕੰਮਕਾਜ ਨੂੰ ਕਿਵੇਂ ਚਲਾਉਣਾ ਹੈ, ਇਸ ਲਈ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਕਾਂਗਰਸ ਹਾਈਕਮਾਂਡ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਹਾਈਕਮਾਂਡ ਨੂੰ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ ਅਤੇ ਸੂਬੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਪਾਰਟੀ ਨੇ ਖੁੱਲ੍ਹਾ ਹੱਥ ਦਿੱਤਾ ਹੋਇਆ ਹੈ, ਜਿਸ ਦਾ ਭਾਜਪਾ ਦੇ ਗੱਠਜੋੜ ਵਾਲੀ ਅਕਾਲੀ ਸਰਕਾਰ ਨੇ ਰੱਜ ਕੇ ਘਾਣ ਕੀਤਾ ਸੀ।