ਹੋ ਚੀ ਮਿੰਨ੍ਹ ਸਿਟੀ (ਵੀਅਤਨਾਮ), 9 ਨਵੰਬਰ
ਭਾਰਤੀ ਮੁੱਕੇਬਾਜ਼ ਐਮਸੀ ਮੇਰੀ ਕੌਮ (48 ਕਿਲੋ) ਨੇ ਏਸ਼ਿਆਈ ਮੁੱਕੇਬਾਜ਼ੀ ’ਚ ਪੰਜਵੀਂ ਵਾਰ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ ਜਦਕਿ ਸੋਨੀਆ ਲਾਠਰ (57 ਕਿਲੋ) ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ।
ਪੰਜ ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਮੇਰੀ ਕੌਮ ਨੇ ਉੱਤਰੀ ਕੋਰੀਆ ਦੀ ਕਿਮ ਹਯਾਂਗ ਮੀ ਨੂੰ 5-0 ਨਾਲ ਹਰਾਇਆ। ਇਹ 2014 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਮੇਰੀ ਕੌਮ ਦਾ ਪਹਿਲਾ ਕੌਮਾਂਤਰੀ ਸੋਨ ਤਗ਼ਮਾ ਹੈ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਸੋਨੀਆ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੂੰ ਚੀਨ ਦੀ ਯਿਨ ਜੋਨਹੁਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਇਸ ਟੂਰਨਾਮੈਂਟ ’ਚ ਇੱਕ ਸੋਨੇ, ਇੱਕ ਚਾਂਦੀ ਤੇ ਪੰਜ ਕਾਂਸੀ ਦੇ ਤਗ਼ਮੇ ਹਾਸਲ ਹੋਏ ਹਨ। ਮੇਰੀ ਕੌਮ ਨੇ ਇਸ ਜਿੱਤ ਨਾਲ ਟੂਰਨਾਮੈਂਟ ’ਚ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਹੈ। ਉਹ ਸਾਰੇ ਛੇ ਵਾਰ ਫਾਈਨਲ ’ਚ ਪਹੁੰਚੀ ਅਤੇ ਬਸ ਇੱਕ ਵਾਰ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੇ 2003, 2005, 2010 ਅਤੇ 2012 ’ਚ ਵੀ ਇਸ ਟੂਰਨਾਮੈਂਟ ’ਚ ਸੋਨ ਤਗ਼ਮਾ ਜਿੱਤਿਆ ਸੀ।
35 ਸਾਲਾ ਮੇਰੀ ਕੌਮ ਦਾ ਸਾਹਮਣਾ ਮੀ ਦੇ ਰੂਪ ’ਚ ਸਭ ਤੋਂ ਹਮਲਾਵਰ ਵਿਰੋਧੀ ਨਾਲ ਸੀ, ਪਰ ਉਹ ਇਸ ਚੁਣੌਤੀ ਲਈ ਤਿਆਰ ਸੀ। ਹੁਣ ਤੱਕ ਤਿੰਨ ਮਿਟ ਇੱਕ-ਦੂਜੇ ਦਾ ਮੁਲਾਂਕਣ ਕਰਨ ’ਚ ਹੀ ਨਿਕਲ ਜਾਂਦੇ ਸਨ, ਪਰ ਇਸ ਮੁਕਾਬਲੇ ਦੇ ਸ਼ੁਰੂਆਤੀ ਪਲਾਂ ਤੋਂ ਹੀ ਖੇਡ ਹਮਲਾਵਰ ਰਹੀ। ਮੇਰੀ ਕੌਮ ਨੇ ਆਪਣੀ ਵਿਰੋਧੀ ਖਿਡਾਰਨ ਦੇ ਹਰ ਹਮਲੇ ਦਾ ਬਰਾਬਰ ਜਵਾਬ ਦਿੱਤਾ। ਦੋਵਾਂ ਵੱਲੋਂ ਤੇਜ਼ ਪੰਚ ਲਾਏ ਗਏ, ਪਰ ਮੇਰੀ ਕੌਮ ਨੇ ਸਬਰ ਨਾਲ ਖੇਡਦਿਆਂ ਜਿੱਤ ਦਰਜ ਕੀਤੀ। ਦੂਜੇ ਪਾਸੇ ਸੋਨੀਆ ਦਾ ਮੁਕਾਬਲਾ ਕਾਫੀ ਥਕਾਉਣ ਵਾਲਾ ਸੀ। ਜੋਨਹੁਆ ਨੇ ਸ਼ਾਨਦਾਰ ਜਵਾਬੀ ਹਮਲੇ ਕੀਤੇ ਤੇ ਚੰਗੇ ਪੰਚ ਵੀ ਲਾਏ।
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਭਾਰਤੀ ਟੀਮ ਤੇ ਖਾਸ ਕਰਕੇ ਮੇਰੀ ਕੌਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਕੌਮ ਦਾ ਸੋਨ ਤਗ਼ਮਾ ਭਾਰਤ ਦੀ ਮਹਿਲ ਸ਼ਕਤੀ ਦੀ ਜਿੱਤ ਹੈ। ਤਿੰਨ ਬੱਚਿਆਂ ਦੀ ਮਾਂ ਨੇ ਦਿਖਾ ਦਿੱਤਾ ਕਿ ਮਨ ’ਚ ਲਗਨ ਹੋਵੇ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਪੂਰੀ ਟੀਮ ਨੂੰ ਵਧਾਈ ਦਿੱਤੀ।