ਐਸ.ਏ.ਐਸ. ਨਗਰ (ਮੁਹਾਲੀ), 11 ਜਨਵਰੀ
ਪੰਜਾਬ ਸਰਕਾਰ ਨੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਭ੍ਰਿਸ਼ਟਾਚਾਰ ਦਾ ‘ਸੰਗਲ’ ਪਾਉਣ ਦੀ ਤਿਆਰੀ ਕਰ ਲਈ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਚੱਪੜਚਿੜੀ ਦੌਰੇ ਮੌਕੇ ਕਿਹਾ ਕਿ ਮੁਹਾਲੀ ਵਿੱਚ ਜਨਤਕ ਪਖ਼ਾਨਿਆਂ ਦੇ ਮਾਮਲੇ ਵਿੱਚ ਛੇਤੀ ਹੀ ਮੇਅਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਮੰਤਰੀ ਅਨੁਸਾਰ ਜਨਤਕ ਪਖ਼ਾਨਿਆਂ ਦੇ ਟੈਂਡਰ ਚੰਡੀਗੜ੍ਹ ਨਾਲੋਂ ਢਾਈ ਗੁਣਾ ਵੱਧ ਕੀਮਤ ਦੇ ਜਾਰੀ ਕਰਨ ਬਾਰੇ ਪਤਾ ਲੱਗਾ ਹੈ। ਸਬੰਧਤ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੇਅਰ ਨੂੰ ਜਰਮਨ ਤੋਂ ਖ਼ਰੀਦੀ ਟ੍ਰੀ ਪਰੂਮਿੰਗ ਮਸ਼ੀਨ ਮਾਮਲੇ ਵਿੱਚ ਨੋਟਿਸ ਦਿੱਤਾ ਜਾ ਚੁੱਕਾ ਹੈ।
ਜਾਣਕਾਰੀ ਅਨੁਸਾਰ ਸਵੱਛ ਭਾਰਤ ਮੁਹਿੰਮ ਤਹਿਤ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰੀ ਖੇਤਰ ਅਤੇ ਵੱਖ ਵੱਖ ਕਲੋਨੀਆਂ ਵਿੱਚ ਜਨਤਕ ਪਖ਼ਾਨੇ ਬਣਾਏ ਜਾਣੇ ਹਨ। ਹਾਲਾਂਕਿ ਨਿਗਮ ਵੱਲੋਂ ਇਹ ਪ੍ਰਾਜੈਕਟ ਵੀ ਹਾਊਸ ਵਿੱਚ ਮਤਾ ਪਾਸ ਕਰਕੇ ਅਤੇ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਸ਼ੁਰੂ ਕੀਤਾ ਗਿਆ ਹੈ, ਪਰ ਮੰਤਰੀ ਦੀ ਨਜ਼ਰ ਵਿੱਚ ਇਸ ਮਾਮਲੇ ’ਚੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਮੰਤਰੀ ਨਵਜੋਤ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਸੀ, ਸਗੋਂ ਉਨ੍ਹਾਂ ਨੂੰ ਪ੍ਰਮੁੱਖ ਸਕੱਤਰ ਦੇ ਦਸਖ਼ਤਾਂ ਹੇਠ ‘ਕਾਰਨ ਦੱਸੋ’ ਨੋਟਿਸ ਹੀ ਜਾਰੀ ਕੀਤਾ ਗਿਆ ਸੀ। ਮੇਅਰ ਦੀ ਮੁਅੱਤਲੀ ਸਬੰਧੀ ਪਤਾ ਨਹੀਂ ਕਿਵੇਂ ਪ੍ਰੈੱਸ ਨੋਟ ਜਾਰੀ ਹੋ ਗਿਆ ਸੀ, ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਇਸ ਕਰਕੇ ਸੋਧਿਆ ਹੋਇਆ ਪ੍ਰੈੱਸ ਨੋਟ ਜਾਰੀ ਹੋਇਆ ਸੀ।
ਸਾਰਾ ਕੰਮ ਨਿਯਮਾਂ ਤਹਿਤ ਹੋਇਆ: ਮੇਅਰ
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰੀ ਖੇਤਰ ਵਿੱਚ ਜਨਤਕ ਪਖ਼ਾਨੇ ਬਣਾਉਣ ਸਬੰਧੀ ਨਗਰ ਨਿਗਮ ਵੱਲੋਂ ਸਦਨ ਵਿੱਚ ਮਤਾ ਪਾਸ ਕੀਤਾ ਗਿਆ ਸੀ ਅਤੇ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਟੈਂਡਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰਾ ਕੰਮ ਨਿਯਮਾਂ ਤਹਿਤ ਕੀਤਾ ਗਿਆ ਹੈ, ਪਰ ਮੰਤਰੀ ਅਤੇ ਕੁਝ ਕਾਂਗਰਸੀ ਆਗੂ ਜਾਣ-ਬੁੱਝ ਕੇ ਮੁਹਾਲੀ ਦੇ ਵਿਕਾਸ ਵਿੱਚ ਅੜਿੱਕੇ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਵੱਛ ਸਰਵੇਖਣ ਵਿੱਚ ਮੁਹਾਲੀ ਪਹਿਲਾਂ ਵੀ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਆਇਆ ਸੀ ਤੇ ਹੁਣ ਦੇਸ਼ ਭਰ ’ਚੋਂ ਮੋਹਰੀ ਆਉਣ ਲਈ ਹੰਭਲਾ ਮਾਰਿਆ ਜਾ ਰਿਹਾ ਹੈ। ਪਹਿਲੇ ਨੋਟਿਸ ਬਾਰੇ ਪੁੱਛੇ ਜਾਣ ’ਤੇ ਮੇਅਰ ਨੇ ਕਿਹਾ ਕਿ ਛੇਤੀ ਹੀ ਨੋਟਿਸ ਦਾ ਜਵਾਬ ਭੇਜਿਆ ਜਾਵੇਗਾ। ਇਸ ਸਬੰਧੀ ਸਰਕਾਰ ਤੋਂ ਜਾਂਚ ਰਿਪੋਰਟ ਦੀ ਕਾਪੀ ਮੰਗੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਅਧਿਕਾਰੀ ਨੇ ਕਦੋਂ ਜਾਂਚ ਕੀਤੀ ਹੈ।