ਚੰਡੀਗੜ੍ਹ, ਹਰਿਆਣਾ ਵਿੱਚ ਬੀਤੇ ਸਾਲ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਹੋਏ ਮੂਰਥਲ ਬਲਾਤਕਾਰ ਕਾਂਡ ਸਬੰਧੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਦੇ ਮਿੱਤਰ ਵਕੀਲ ਨੇ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਇਸ ਮੌਕੇ ਬਲਾਤਕਾਰ ਦੀਆਂ ਨੌਂ ਘਟਨਾਵਾਂ ਵਾਪਰੀਆਂ ਸਨ। ਗ਼ੌਰਤਲਬ ਹੈ ਕਿ 30 ਕੁ ਗੁੰਡਿਆਂ ਵੱਲੋਂ ਅਜਿਹਾ ਕੀਤੇ ਜਾਣ ਦੀ ਹੌਲਨਾਕ ਘਟਨਾ ਸਬੰਧੀ ਟ੍ਰਿਬਿਊਨ ਸਮੂਹ ਦੀਆਂ ਅਖ਼ਬਾਰਾਂ ਵਿੱਚ ਰਿਪੋਰਟਾਂ ਛਪਣ ਤੋਂ ਬਾਅਦ ਹਾਈ ਕੋਰਟ ਨੇ ਆਪਣੇ ਤੌਰ ’ਤੇ ਮਾਮਲੇ ਦਾ ਨੋਟਿਸ ਲਿਆ ਸੀ।
ਮਿੱਤਰ ਵਕੀਲ ਅਨੁਪਮ ਗੁਪਤਾ ਨੇ ਹਾਈ ਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੂੰ ਦੱਸਿਆ ਕਿ ਹਰਿਆਣਾ ਦੇ ਸਾਬਕਾ ਡੀਜੀਪੀ ਨੇ ਖ਼ੁਦ ਬਲਾਤਕਾਰਾਂ ਦੀ ਗੱਲ ਕਬੂਲੀ ਸੀ। ਐਡਵੋਕੇਟ ਗੁਪਤਾ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਸੀਨੀਅਰ ਆਈਏਐਸ ਅਫ਼ਸਰ ਵਿਜੇ ਵਰਧਨ ਨੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਹ ਉਸ ਦਿਨ ਹਾਈ ਕੋਰਟ ਵਿੱਚ ਹੀ ਸਨ, ਜਦੋਂ ਇਕ ਹੋਰ ਆਈਏਐਸ ਅਫ਼ਸਰ ਅਸ਼ੋਕ ਖੇਮਕਾ ਦਾ ਫੋਨ ਆਇਆ ਕਿ ਸ੍ਰੀ ਵਰਧਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ।
ਸ੍ਰੀ ਗੁਪਤਾ ਮੁਤਾਬਕ ਸ੍ਰੀ ਵਰਧਨ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ (ਸਾਬਕਾ) ਡੀਜੀਪੀ ਕੇ.ਪੀ. ਸਿੰਘ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਸੀ ਕਿ ਮੂਰਥਲ ਵਿੱਚ ਨੌਂ ਬਲਾਤਕਾਰ ਹੋਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਵਰਧਨ ਤੇ ਸ੍ਰੀ ਕੇ.ਪੀ. ਸਿੰਘ ਦਰਮਿਆਨ ਇਹ ਗੱਲਬਾਤ ਪ੍ਰਕਾਸ਼ ਕਮੇਟੀ ਦੀ ਰਿਪੋਰਟ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਹੋਈ ਸੀ। ਬਾਅਦ ਵਿੱਚ ਮੁੱਖ ਮੰਤਰੀ ਨੇ ਇਹ ਗੱਲ ਦੱਸਣ ਲਈ ਸ੍ਰੀ ਵਰਧਨ ਦੀ ਝਾੜ-ਝੰਬ ਕੀਤੀ ਸੀ। ਗ਼ੌਰਤਲਬ ਹੈ ਕਿ ਸ੍ਰੀ ਵਰਧਨ ਪਹਿਲਾਂ ਹੀ ਸ੍ਰੀ ਗੁਪਤਾ ਨਾਲ ਅਜਿਹੀ ਗੱਲ ਕਰਨ ਦਾ ਖੰਡਨ ਕਰ ਚੁੱਕੇ ਹਨ।
ਸ੍ਰੀ ਗੁਪਤਾ ਨੇ ਕਿਹਾ ਕਿ ਮੂਰਥਲ ਦੇ ਸੁਖਦੇਵ ਢਾਬੇ ਦੇ ਮਾਲਕ ਅਮਰੀਕ ਸਿੰਘ ਨੇ ਵੀ ਮੀਡੀਆ ਕੋਲ ਬਲਾਤਕਾਰਾਂ ਦੀ ਗੱਲ ਮੰਨੀ ਸੀ ਪਰ ਵਿਸ਼ੇਸ਼ ਜਾਂਚ ਟੀਮ ਅੱਗੇ ਮੁੱਕਰ ਗਿਆ। ਉਨ੍ਹਾਂ ਕਿਹਾ ਕਿ ਜੇ ਮਾਮਲਾ ਸੀਬੀਆਈ ਹਵਾਲੇ ਕੀਤਾ ਜਾਂਦਾ ਹੈ ਤਾਂ ਢਾਬਾ ਮਾਲਕ ਇਸ ਬਾਰੇ ‘ਖੁੱਲ੍ਹ ਕੇ’ ਬੋਲੇਗਾ। ਸ੍ਰੀ ਗੁਪਤਾ ਨੇ ਤਾਰਿਕ ਅਨਵਰ ਨਾਮੀ ਪੱਤਰਕਾਰ ਉਤੇ ਵੀ ਮੁਕੱਦਮਾ ਚਲਾਏ ਜਾਣ ਦੀ ਮੰਗ ਕੀਤੀ, ਜਿਨ੍ਹਾਂ ਆਪਣੇ ਆਪ ਨੂੰ ਇੰਜ ਪੇਸ਼ ਕਰਦਿਆਂ ਜਾਅਲੀ ਆਡੀਓ ਟੇਪ ਬਣਾਈ ਸੀ, ਜਿਵੇਂ ਉਹ ਇਕ ਪੀੜਤਾ ਦੀ ਮਾਤਾ ਨਾਲ ਗੱਲਬਾਤ ਕਰ ਰਿਹਾ ਸੀ।