ਚੰਡੀਗੜ੍ਹ,  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜ਼ੁਕ ਹਾਲਾਤ ਨਾਲ ਨਿਪਟਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸਪੈਸ਼ਲ ਅਪਰੇਸ਼ਨਸ ਗਰੁੱਪ (ਐਸਓਜੀ) ਸਥਾਪਤ ਕਰਨ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਸਓਜੀ ਦੀ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ 270 ਪ੍ਰਭਾਵਸ਼ਾਲੀ ਨੌਜਵਾਨਾਂ ’ਤੇ ਆਧਾਰਿਤ ਹੋਵੇਗੀ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਐਸਓਜੀ ਵਿੱਚੋਂ ਇਕ ਛੋਟੀ ਪ੍ਰਮੁੱਖ ਟੀਮ ਨੂੰ ਇਜ਼ਰਾਈਲ ਵਿਖੇ ਅਤਿ ਆਧੁਨਿਕ ਸਿਖਲਾਈ ਲਈ ਭੇਜਿਆ ਜਾਵੇ। ਐਸਓਜੀ ਦੀ ਸਥਾਪਨਾ ਬਾਰੇ ਰਸਮੀ ਤਜਵੀਜ਼ ਨੂੰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਰੱਖਿਆ ਜਾਵੇਗਾ। ਐਸਓਜੀ ਦਾ ਮੁਖੀ ਏਡੀਜੀਪੀ ਰੈਂਕ ਦਾ ਅਧਿਕਾਰੀ ਹੋਵੇਗਾ ਅਤੇ ਉਸ ਦੀ ਆਈਜੀ ਅਤੇ ਡੀਆਈਜੀ ਰੈਂਕ ਦੇ ਅਧਿਕਾਰੀ ਸਹਾਇਤਾ ਕਰਨਗੇ। ਐਸਓਜੀ ਨੂੰ ਤਿੰਨ ਟੀਮਾਂ ਵਿੱਚ ਵੰਡਿਆ ਜਾਵੇਗਾ। ਹਰੇਕ ਟੀਮ ਦਾ ਆਗੂ ਐਸਪੀ ਰੈਂਕ ਦਾ ਅਧਿਕਾਰੀ ਹੋਵੇਗਾ ਜੋ 35 ਸਾਲ ਦੀ ਉਮਰ ਤੋਂ ਘੱਟ ਉਮਰ ਦਾ ਹੋਵੇਗਾ। ਇਸ ਟੀਮ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ 30 ਸਾਲ ਤੋਂ ਘੱਟ ਉਮਰ ਦੇ ਹੋਣਗੇ ਜਦਕਿ ਓਆਰ 18 ਤੋਂ 25 ਸਾਲ ਦੀ ਉਮਰ ਵਿਚਕਾਰ ਹੋਣਗੇ। ਇਸ ਵਿੱਚ ਕਮਾਂਡੋਜ਼ ਅਤੇ ਸਵੈਟ ਵਰਗੀਆਂ ਹੋਰ ਵਿਸ਼ੇਸ਼ ਸਿਖਲਾਈ ਪ੍ਰਾਪਤ ਯੂਨਿਟਾਂ ਨੂੰ ਮਿਲਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਇਸ ਫੋਰਸ ਲਈ ਸਾਲਾਨਾ 5.7 ਕਰੋੜ ਰੁਪਏ ਦੇ ਖਰਚੇ ਦੀ ਜ਼ਰੂਰਤ ਹੋਵੇਗੀ ਜੋ ਇਕ ਮਹੀਨੇ ਦਾ 50 ਲੱਖ ਤੋਂ ਵੀ ਘੱਟ ਬਣਦਾ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਗ੍ਰਹਿ ਮਨਦੀਪ ਸਿੰਘ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਏਡੀਜੀਪੀ ਹਰਦੀਪ ਸਿੰਘ ਢਿੱਲੋਂ ਅਤੇ ਦਿਨਕਰ ਗੁਪਤਾ ਵੀ ਸ਼ਾਮਲ ਸਨ।