ਚੰਡੀਗੜ, 31 ਜਨਵਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 300 ਯੂਨਿਟਾਂ ਤੱਕ ਮੁਫ਼ਤ ਘਰੇਲੂ ਬਿਜਲੀ ਦੀ ਸੁਵਿਧਾ ਪ੍ਰਾਪਤ ਕਰਨ ਵਾਸਤੇ 1 ਕਿਲੋਵਾਟ ਦੀ ਸ਼ਰਤ ਹਟਾਉਣ ਸਬੰਧੀ ਆਜ਼ਾਦੀ ਘੁਲਾਟੀਆਂ ਦੀ ਮੰਗ ’ਤੇ ਗੌਰ ਕਰਨ ਲਈ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨੂੰ ਆਖਿਆ ਹੈ। 

ਫਰੀਡਮ ਫਾਈਟਰਜ਼ ਸੁਕਸੈਰਜ਼ ਆਰਗੇਨਾਈਜੇਸ਼ਨ ਪੰਜਾਬ ਦੇ ਵਫ਼ਦ ਨਾਲ ਇੱਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਨਾਂ ਦੀਆਂ ਮੰਗਾਂ ਦੇ ਜਲਦੀ ਤੋਂ ਜਲਦੀ ਹੱਲ ਯਕੀਨੀ ਬਣਾਉਣ ਲਈ ਆਪਣੇ ਵਧੀਕ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। 

ਮੁੱਖ ਮੰਤਰੀ ਇਸ ਸੰਗਠਨ ਦੇ ਮੈਂਬਰਾਂ ਦੀ ਬੇਨਤੀ ’ਤੇ ਇਕ ਵਿਸ਼ੇਸ਼ ਮੀਟਿੰਗ ਸੱਦੀ ਸੀ। ਇਹ ਮੈਂਬਰ ਉਨਾਂ ਨੂੰ ਪਟਿਆਲਾ ਵਿਖੇ ਗਣਤੰਤਰ ਦਿਵਸ ਸਮਾਰੋਹ ਮੌਕੇ ਮਿਲੇ ਸਨ। 

ਆਜ਼ਾਦੀ ਘੁਲਾਟੀਆਂ ਦੀ ਉਨਾਂ ਦੇ ਪੁੱਤਰਾਂ ਨੂੰ ਬੱਸ ਸਫ਼ਰ ਦੀ ਸੁਵਿਧਾ ਦੇਣ ਸਬੰਧੀ ਇਕ ਹੋਰ ਮੰਗ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਪ੍ਰਮੁੱਖ ਸਕੱਤਰ ਆਜ਼ਾਦੀ ਘੁਲਾਟੀਆਂ ਤੋਂ ਰਿਪੋਰਟ ਦੀ ਮੰਗ ਕੀਤੀ ਹੈ ਜੋ ਕਿ ਪਹਿਲਾਂ ਹੀ ਉਨਾਂ ਦੀਆਂ ਅਣ-ਵਿਹਾਇਆਂ ਧੀਆਂ ਨੂੰ ਦਿੱਤੀ ਜਾ ਰਹੀ ਹੈ। 

ਵਫ਼ਦ ਨੇ ਆਜ਼ਾਦੀ ਘੁਲਾਟੀਆਂ ਦੇ ਪੁੱਤ/ਧੀ ਅਤੇ ਪੋਤੇ/ਪੋਤੀਆਂ ਲਈ ਸਰਕਾਰ, ਬੋਰਡਾਂ, ਕਾਰਪੋਰੇਸ਼ਨਾਂ, ਜਨਤਕ ਅਦਾਰਿਆਂ ਵਿੱਚ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਲਈ ਕੋਟਾ 1 ਫੀਸਦੀ ਤੋਂ 5 ਫੀਸਦੀ ਤੱਕ ਵਧਾਉਣ ਦੀ ਮੁੱਖ ਮੰਤਰੀ ਨੂੰ ਅਪੀਲ ਕੀਤੀ। ਉਨਾਂ ਨੇ ਸੂਬਾ ਸਰਕਾਰ ਵਿੱਚ ਉਨਾਂ ਦੇ ਆਸ਼ਰਤਾਂ ਲਈ ਪਦਉੱਨਤੀ ਲਈ ਵਿਸ਼ੇਸ਼ ਕੋਟੇ ਦੀ ਮੰਗ ਕੀਤੀ। 

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿੱਖਿਆ ਮੰਤਰੀ ਓ.ਪੀ.ਸੋਨੀ, ਆਜ਼ਾਦੀ ਘੁਲਾਟੀਆਂ ਦੀ ਭਲਾਈ ਦੇ ਪ੍ਰਮੁੱਖ ਸਕੱਤਰ ਵੀ.ਕੇ.ਜੰਜੂਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਗਿਰੀਸ਼ ਦਿਆਲਨ ਸ਼ਾਮਲ ਸਨ।