ਚੰਡੀਗੜ੍ਹ, 8 ਮਈ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਐਲਾਨ ਵਾਲੇ ਦਿਨ ਤੋਂ ਲੈ ਕੇ ਮਹਿਤਪੁਰ ਦੇ ਐੱਸਐੱਚਓ ਵੱਲੋਂ ਕੀਤੀਆਂ ਅਤੇ ਸੁਣੀਆਂ ਗਈਆਂ ਸਾਰੀਆਂ ਕਾਲਾਂ ਦੇ ਵੇਰਵੇ ਨੂੰ ਜਨਤਕ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਕੈਪਟਨ ਆਪਣੇ ਸਿਆਸੀ ਵਿਰੋਧੀਆਂ, ਸਰਕਾਰੀ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਦੇ ਫੋਨ ਟੈਪ ਕਰਨ ਵਰਗੀ ਘਟੀਆ ਹਰਕਤ ਉੱਤੇ ਉਤਰ ਆਏ ਹਨ ਤਾਂ ਮੁੱਖ ਮੰਤਰੀ ਨੂੰ ਉਨ੍ਹਾਂ ਫੋਨ ਕਾਲਾਂ ਦਾ ਵੇਰਵਾ ਵੀ ਜਨਤਕ ਕਰਨਾ ਚਾਹੀਦਾ ਹੈ, ਜਿਹੜੀਆਂ ਰੇਤ ਮਾਈਨਿੰਗ ਦੇ ਸਰਗਨਿਆਂ ਵੱਲੋਂ ਐੱਸਐੱਚਓ ਨੂੰ ਧਮਕਾਉਣ ਲਈ ਕੀਤੀਆਂ ਗਈਆਂ ਸਨ। ਇੱਕ ਬਿਆਨ ਰਾਹੀਂ ਅਕਾਲੀ ਦਲ ਆਗੂ ਨੇ ਚੋਣ ਕਮਿਸ਼ਨ ਨੂੰ ਵੀ ਆਖਿਆ ਹੈ ਕਿ ਉਹ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੀਆਂ ਫੋਨ ਕਾਲਾਂ ਟੈਪ ਕੀਤੇ ਜਾਣ ਦੇ ਮਾਮਲੇ ਦਾ ਨੋਟਿਸ ਲਵੇ। ਡਾ. ਚੀਮਾ ਨੇ ਕਿਹਾ ਕਿ ਚੋਣ ਅਮਲ ਦੇ ਚੱਲਦਿਆਂ ਅਜਿਹਾ ਕਰਨਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਤੁੱਲ ਹੈ। ਚੋਣ ਕਮਿਸ਼ਨ ਨੂੰ ਇਸ ਨੂੰ ਰੋਕਣ ਵਾਸਤੇ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਸਰਕਾਰੀ ਅਧਿਕਾਰੀਆਂ ਨੂੰ ਧਮਕਾ ਕੇ ਆਪਣੀ ਡਿਊਟੀ ਨਿਰਪੱਖ ਢੰਗ ਨਾਲ ਨਿਭਾਉਣ ਤੋਂ ਰੋਕ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਕਿ ਉਨ੍ਹਾਂ (ਚੀਮਾ) ਨੇ ਐੱਸਐੱਚਓ ਨੂੰ ਫੋਨ ਕੀਤਾ ਸੀ ਜਦਕਿ ਸੱਚਾਈ ਇਹ ਹੈ ਕਿ ਐੱਸਐੱਚਓ ਨੇ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਸੀ। ਉਹ ਬਹੁਤ ਹੀ ਪ੍ਰੇਸ਼ਾਨ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਗੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕਰਨ ਲਈ ਵੱਡੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਐੱਸਐੱਚਓ ਏਨਾ ਜ਼ਿਆਦਾ ਪ੍ਰੇਸ਼ਾਨ ਅਤੇ ਤਣਾਅ ਹੇਠ ਹੈ ਕਿ ਉਸ ਨੇ ਅੱਜ ਵੀ ਉਨ੍ਹਾਂ ਨੂੰ ਫੋਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਸੂਬਾਈ ਏੇਜੰਸੀਆਂ ਨੇ ਐੱਸਐੱਚਓ ਦੀ ਅੱਜ ਦੀ ਕਾਲ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਨਹੀਂ ਦਿੱਤੀ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਇੱਕ ਸਰਕਾਰੀ ਅਧਿਕਾਰੀ ਵੱਲੋਂ ਲੋਕਾਂ ਦੇ ਨੁਮਾਇੰਦੇ ਨਾਲ ਗੱਲ ਕਰਨਾ ਕਿਸ ਪੱਖੋਂ ਗੈਰਕਾਨੂੰਨੀ ਹੈ?