ਅੰਮ੍ਰਿਤਸਰ, 4 ਅਗਸਤ
ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਉੱਜੜ ਕੇ ਮੁੰਬਈ ਵਿੱਚ ਆ ਕੇ ਵਸੇ ਸਿੱਖਾਂ ਸਣੇ ਪੰਜਾਬੀਆਂ ਨੂੰ ਆਬਾਦ ਹੋਣ ਲਈ ਮਿਲੀ ਰਿਹਾਇਸ਼ੀ ਆਬਾਦੀ ਗੁਰੂ ਤੇਗ ਬਹਾਦਰ ਕਲੋਨੀ ਹੁਣ ਖੁੱਸਣ ਦੇ ਡਰ ਕਾਰਨ ਇੱਥੇ ਵਸੇ ਸਿੱਖ ਘਬਰਾਏ ਹੋਏ ਹਨ। ਉਨ੍ਹਾਂ ਆਪਣੀ ਇਸ ਰਿਹਾਇਸ਼ੀ ਥਾਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਕਲੋਨੀ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਸ੍ਰੀ ਲੌਂਗੋਵਾਲ ਤੇ ਹੋਰ ਅੱਜਕੱਲ੍ਹ ਮੁੰਬਈ ਦੌਰੇ ’ਤੇ ਹਨ। ਮੁੰਬਈ ਦੀ ਸਿੱਖ ਵਸੋਂ ਵਾਲੀ ਇਹ ਕਲੋਨੀ, ਗੁਰੂ ਤੇਗ ਬਹਾਦਰ ਨਗਰ ਸਿੱਖਾਂ ਨੂੰ 1957 ਵਿੱਚ ਮਿਲੀ ਸੀ। ਕਲੋਨੀ ਪ੍ਰਧਾਨ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੂੰ ਦੱਸਿਆ ਕਿ ਵੰਡ ਤੋਂ ਬਾਅਦ ਉਨ੍ਹਾਂ ਦੇ ਪੁਰਖੇ ਪਾਕਿਸਤਾਨ ਛੱਡ ਕੇ ਮੁੰਬਈ ਆਏ ਸਨ ਤੇ 1957 ਵਿੱਚ ਉਨ੍ਹਾਂ ਨੂੰ ਇਸ ਕਲੋਨੀ ਦੀ ਜਗ੍ਹਾ ਸਰਕਾਰ ਵੱਲੋਂ ਅਲਾਟ ਕੀਤੀ ਗਈ ਸੀ।