ਐਸਏਐਸ ਨਗਰ(ਮੁਹਾਲੀ), 12 ਮਈ
ਮੁਹਾਲੀ ਦੇ ਸੈਕਟਰ ਸੱਤਰ ਦੇ ਵਸਨੀਕ ਅਤੇ ਸੈਕਟਰ 67 ਦੇ ਲਰਨਿੰਗ ਪਾਥ ਸਕੂਲ ਦੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਟਿੱਕਾ ਜੈ ਸਿੰਘ ਸੋਢੀ ਨੇ ਜਰਮਨੀ ਦੇ ਹੈਨੋਵਰ ਸ਼ਹਿਰ ਵਿੱਚ 7 ਤੋਂ 14 ਮਈ ਤੱਕ ਚੱਲ ਰਹੇ ਕੌਮਾਂਤਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ 35 ਦੇਸ਼ਾਂ ਦੇ ਪ੍ਰਮੁੱਖ ਸ਼ੂਟਰ ਹਿੱਸਾ ਲੈ ਰਹੇ ਹਨ। ਟਿੱਕਾ ਸੋਢੀ ਨੇ ਅੱਜ ਸਵੇਰੇ ਹੋਏ ਮੁਕਾਬਲੇ ਵਿੱਚ ਇਹ ਜਿੱਤ ਦਰਜ ਕੀਤੀ।
ਟਿੱਕਾ ਸੋਢੀ ਨੇ ਉਕਤ ਤਗਮਾ 25 ਮੀਟਰ ਰੈਪਿਡ ਫ਼ਾਇਰ ਪਿਸਟਲ ਦੇ ਜੂਨੀਅਰ ਮਰਦ ਵਰਗ ਮੁਕਾਬਲੇ ਵਿੱਚ ਜਿੱਤਿਆ। ਮੁਹਾਲੀ ਦਾ ਇਹ ਨੌਜਵਾਨ ਸ਼ੂਟਰ ਇਸ ਤੋਂ ਪਹਿਲਾਂ ਦਿੱਲੀ ਵਿੱਚ ਹੋਈਆਂ ਪਹਿਲੀਆਂ ‘ਖੇਲੋ ਇੰਡੀਆ ਗੇਮਜ਼’ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ। ਉਸ ਨੇ ਇਸੇ ਸਾਲ ਪੰਜਾਬ ਸਟੇਟ ਸ਼ੂਟਿੰਗ ਮੁਕਾਬਲਿਆਂ ਵਿੱਚ ਵੀ ਰਿਕਾਰਡ ਸਕੋਰ ਨਾਲ ਸੋਨ ਤਗਮਾ ਹਾਸਿਲ ਕੀਤਾ ਸੀ। ਉਹ ਪਿਛਲੇ ਇੱਕ ਵਰ੍ਹੇ ਤੋਂ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿੱਚ ਨਿਰੰਤਰ ਟਰੇਨਿੰਗ ਹਾਸਿਲ ਕਰ ਰਿਹਾ ਹੈ। ਕੋਚ ਸੁਭਾਸ਼ ਰਾਣਾ ਵੱਲੋਂ ਉਸ ਨੂੰ ਨਿਰੰਤਰ ਟਰੇਨਿੰਗ ਦਿੱਤੀ ਜਾ ਰਹੀ ਹੈ। ਤਗਮਾ ਜੇਤੂ ਸ਼ੂਟਰ ਦੇ ਦਾਦਾ ਰਿਟਾਇਰਡ ਲੈਕਚਰਾਰ ਮਨਜਿੰਦਰ ਸਿੰਘ ਸੋਢੀ, ਪਿਤਾ ਅਰੁਣਜੋਤ ਸਿੰਘ ਸੋਢੀ, ਬੈਂਕ ਮੈਨੇਜਰ ਮਾਤਾ ਹਰਜੀਤ ਕੌਰ ਸੋਢੀ ਤੇ ਵੱਡੀ ਭੈਣ ਤਰੰਨਮ ਕੌਰ ਨੇ ਟਿੱਕਾ ਸੋਢੀ ਦੀ ਪ੍ਰਾਪਤੀ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ।