ਤਿਰੂਵਨੰਤਪੁਰਮ, 8 ਨਵੰਬਰ
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਇੱਥੇ ਖੇਡੇ ਗਏ ਟੀ-20 ਲੜੀ ਦੇ ਆਖਰੀ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਮਾਤ ਦੇ ਕੇ ਲੜੀ ’ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ ਨਿਰਧਾਰਤ ਅੱਠ ਓਵਰਾਂ ’ਚ 68 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਛੇ ਵਿਕਟਾਂ ਦੇ ਨੁਕਸਾਨ ’ਤੇ 61 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਮੀਂਹ ਕਾਰਨ ਮੈਚ ’ਚ ਢਾਈ ਘੰਟੇ ਵਿਘਨ ਪਿਆ ਜਿਸ ਕਾਰਨ ਮੈਚ ਦੇ ਓਵਰ ਘਟਾ ਕੇ ਅੱਠ ਕਰ ਦਿੱਤੇ ਗਏ।ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉੱਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ੀ ਮਾਰਟਿਨ ਗੁਪਟਿਲ (1) ਤੇ ਕੋਲਿਨ ਮੁਨਰੋ (7) ਜਲਦੀ ਹੀ ਆਊਟ ਹੋ ਗਏ। ਇਸ ਤੋਂ ਬਾਅਦ ਕੇਨ ਵਿਲੀਅਮਸਨ (8), ਗਲੇਨ ਫਿਲੀਪਸ (11), ਹੈਨਰੀ ਨਿਕੋਲਸ (2), ਟੌਪ ਬਰੂਸ (4) ਵੀ ਕੋਈ ਖਾਸ ਖੇਡ ਨਾ ਦਿਖਾ ਸਕੇ। ਮਿਸ਼ੈਲ ਸੈਂਟਨਰ ਤਿੰਨ ਅਤੇ ਕੋਿਲਨ ਡਿ ਗਰੈਂਡਹੋਮ 17 ਦੌੜਾਂ ਬਣਾ ਕੇ ਨਾਬਾਦ ਰਿਹਾ।
ਭਾਰਤ ਨੇ ਮੀਂਹ ਤੋਂ ਪ੍ਰਭਾਵਿਤ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਨਿਊਜ਼ੀਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਿਰਧਾਰਤ ਅੱਠ ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 67 ਦੌੜਾਂ ਬਣਾਈਆਂ। ਮੀਂਹ ਤੇ ਆਊਟਫੀਲਡ ਗਿੱਲੀ ਹੋਣ ਕਾਰਨ ਮੈਚ ਤਕਰੀਬਨ ਢਾਈ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਇਸ ਲਈ  ਓਵਰਾਂ ਦੀ ਗਿਣਤੀ ਘਟਾ ਕੇ ਅੱਠ ਕਰ ਦਿੱਤੀ ਗਈ।
ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤੀ ਬੱਲੇਬਾਜ਼ਾਂ ਨੇ ਲੰਮੇ ਸ਼ਾਟ ਖੇਡਣ ਦੀਆਂ ਕੋਸ਼ਿਸ਼ਾਂ ’ਚ ਆਪਣੀਆਂ ਵਿਕਟਾਂ ਗੁਆਈਆਂ। ਭਾਰਤ ਵੱਲੋਂ ਮਨੀਸ਼ ਪਾਂਡੇ ਨੇ 17, ਹਾਰਦਿਕ ਪਾਂਡਿਆ ਨੇ ਨਾਬਾਦ 14 ਤੇ ਕਪਤਾਨ ਵਿਰਾਟ ਕੋਹਲੀ ਨੇ 13 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਚੰਗੀ ਗੇਂਦਬਾਜ਼ੀ ਦੇ ਨਾਲ ਨਾਲ ਵਧੀਆ ਫੀਲਡਿੰਗ ਦਾ ਵੀ ਮੁਜ਼ਾਹਰਾ ਕੀਤਾ ਤੇ ਸਿਰਫ਼ ਸੱਤ ਵਾਰ ਗੇਂਦਾਂ ਬਾਊਂਡਰੀ ਪਾਰ ਜਾਣ ਦਿੱਤੀਆਂ। ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਤੇ ਈਸ਼ ਸੋਢੀ ਨੇ 2-2 ਜਦਕਿ ਟਰੇਂਟ ਬੋਲਟ ਨੇ ਇੱਕ ਵਿਕਟ ਹਾਸਲ ਕੀਤੀ।