ਐਸ.ਏ.ਐਸ. ਨਗਰ (ਮੁਹਾਲੀ), 22 ਅਗਸਤ
ਕੈਪਟਨ ਸਰਕਾਰ ਨੇ ਜ਼ਿਲ੍ਹਾ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਹਾਲੇ ਤੱਕ ਕੋਈ ਯੋਜਨਾ ਨਹੀਂ ਉਲੀਕੀ ਪਰ ਮੀਂਹ ਦੇ ਪਾਣੀ ਨੇ ਨੇੜਲੇ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਪਾਰਕਾਂ ਦੀ ਸੂਰਤ ਵਿਗਾੜ ਕੇ ਰੱਖ ਦਿੱਤੀ ਹੈ। ਲੈਵਲਿੰਗ ਅਤੇ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਜ਼ਿਆਦਾਤਰ ਪਾਰਕਾਂ ਵਿੱਚ ਮੀਂਹ ਦਾ ਪਾਣੀ ਖੜਾ ਹੈ ਅਤੇ ਇਲਾਕੇ ਦੀਆਂ ਸੜਕਾਂ ਵਿੱਚ ਡੂੰਘੇ ਖੱਡੇ ਪੈ ਗਏ ਹਨ।
ਫੇਜ਼-3ਬੀ2 ਅਤੇ 7 ਸਮੇਤ ਕਈ ਹੋਰਨਾਂ ਥਾਵਾਂ ’ਤੇ ਸ਼ਾਪਿੰਗ ਸਟਰੀਟ ਵਿੱਚ ਖੱਡੇ ਪੈ ਗਏ ਹਨ। ਐਡਵੋਕੇਟ ਗੁਰਮੀਤ ਸਿੰਘ ਸੋਨੀ ਨੇ ਦੱਸਿਆ ਕਿ ਫੇਜ਼-10 ਸਥਿਤ ਸਿਲਵੀ ਪਾਰਕ ਦੀ ਹਾਲਤ ਕਾਫੀ ਮਾੜੀ ਹੈ। ਵੋਟਿੰਗ ਕਲੱਬ ਵਿੱਚ ਮੀਂਹ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਇੱਥੇ ਕਿਸੇ ਵੀ ਵੇਲੇ ਭਿਆਨਕ ਹਾਦਸਾ ਵਾਪਰ ਸਕਦਾ ਹੈ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਸਰਕਲ ਮੁਹਾਲੀ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਸੜਕਾਂ ਅਤੇ ਪਾਰਕਿੰਗਾਂ ਦੇ ਉਸਾਰੀ ਕਾਰਜਾਂ ਵਿੱਚ ਕਥਿਤ ਘਟੀਆ ਮਟੀਰੀਅਲ ਇਸਤੇਮਾਲ ਕਰਨ ਦਾ ਦੋਸ਼ ਲਾਉਂਦਿਆਂ ਇਸ ਦੀ ਪੰਜਾਬ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।
ਬੀਤੇ ਦਿਨੀਂ ਹੋਈ ਬਾਰਸ਼ ਦਾ ਪਾਣੀ ਅੱਜ ਵੀ ਸ਼ਹਿਰ ਦੀਆਂ ਪਾਰਕਾਂ ਵਿੱਚ ਖੜਾ ਹੈ, ਜਿਸ ਕਾਰਨ ਲੋਕਾਂ ਨੂੰ ਸੈਰ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ। ਇੱਥੋਂ ਦੇ ਵੇਰਕਾ ਚੌਕ ਨੇੜੇ ਏਸੀ ਬੱਸ ਅੱਡੇ ਨੇੜਿਓਂ ਲੰਘਦੀ ਸੜਕ ਸਮੇਤ ਪੁਲੀਸ ਸਟੇਸ਼ਨ ਫੇਜ਼-1, ਸਨਅਤੀ ਏਰੀਆ ਫੇਜ਼-7, ਫੇਜ਼-8 ਅਤੇ ਫੇਜ਼-9 ਦੀਆਂ ਸੜਕਾਂ ਅਤੇ ਪਾਰਕਾਂ ਦਾ ਵੀ ਕਾਫੀ ਬੁਰਾ ਹਾਲ ਹੈ। ਸਨਅਤਕਾਰ ਸਵਰਨ ਸਿੰਘ ਨੇ ਦੱਸਿਆ ਕਿ ਸਨਅਤੀ ਏਰੀਆ ਫੇਜ਼-9 ਸ਼ੁਰੂ ਤੋਂ ਹੀ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੈ।
ਸਮਾਜ ਸੇਵੀ ਸੁਖਦੀਪ ਸਿੰਘ ਨਵਾਂ ਸ਼ਹਿਰ, ਤਰਕਸ਼ੀਲ ਆਗੂ ਜਰਨੈਲ ਸਿੰਘ ਕਰਾਂਤੀ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਫੇਜ਼-4 ਦੇ ਰਿਹਾਇਸ਼ੀ ਖੇਤਰ ਵਿੱਚ ਪਾਣੀ ਜਮ੍ਹਾ ਹੋ ਗਿਆ ਸੀ ਅਤੇ ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਫੇਜ਼-4 ਅਤੇ ਫੇਜ਼-5 ਨੂੰ ਵੰਡਦੀ ਮੁੱਖ ਸੜਕ ’ਤੇ ਬਣੇ ਲੋਹੇ ਦੇ ਜੰਗਲੇ ਅਤੇ ਫੁੱਟਪਾਥ ਤੋੜ ਕੇ ਪਾਣੀ ਦੀ ਨਿਕਾਸੀ ਕੀਤੀ ਗਈ। ਲੇਕਿਨ ਪ੍ਰਸ਼ਾਸਨ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕਰ ਰਿਹਾ ਹੈ। ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਕਾਸ ਕੰਮਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ।

ਪੁਰਾਣੇ ਸੀਵਰੇਜ ਸਿਸਟਮ ਨੂੰ ਬਦਲਣ ਦੀ ਲੋੜ: ਸਿੱਧੂ
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਿਕਾਸੀ ਸਮੇਤ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੁਰਾਣੇ ਸਿਸਟਮ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 4 ਦਹਾਕੇ ਪਹਿਲਾਂ ਪੁਰਾਣੀ ਤਕਨੀਕ ਨਾਲ ਸੀਵਰੇਜ ਪਾਇਆ ਗਿਆ ਸੀ ਪਰ ਹੁਣ ਆਬਾਦੀ ਕਈ ਗੁਣਾ ਵੱਧ ਗਈ ਹੈ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਵੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ।