ਮੀਂਹ ਦੀ ਮਾਰ ਹੇਠ ਆਏ ਇਲਾਕਿਆਂ ਦਾ ਮੁੱਖ ਮੰਤਰੀ ਵੱਲੋਂ ਦੌਰਾ
ਤਰਨ ਤਾਰਨ, 27 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਂਹ ਨਾਲ ਫ਼ਸਲਾਂ ਦਾ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਸ਼ਾਸਨ ਨੂੰ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਹ ਆਦੇਸ਼ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਅਨਾਜ ਮੰਡੀ ਵਿੱਚ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਦਿੱਤੇ| ਉਨ੍ਹਾਂ ਅਧਿਕਾਰੀਆਂ ਨੂੰ ਗਿਰਦਾਵਰੀ ਦਾ ਕੰਮ ਬਿਨਾ ਦੇਰੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਤੋਂ ਇਲਾਵਾ ਮੀਂਹ ਨਾਲ ਮਕਾਨਾਂ ਦੇ ਢਹਿ ਜਾਣ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦੇਵੇਗੀ।
ਉਨ੍ਹਾਂ ਮੰਨਿਆ ਕਿ ਤਰਨ ਤਾਰਨ ਜ਼ਿਲ੍ਹੇ ਤੋਂ ਇਲਾਵਾ ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ| ਉਨ੍ਹਾਂ ਅਧਿਕਾਰੀਆਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਨੇੜਿਓਂ ਜਾਇਜ਼ਾ ਲੈਣ ਦੀ ਹਦਾਇਤ ਕੀਤੀ| ਉਨ੍ਹਾਂ ਮੀਂਹ ਕਰਕੇ ਝੋਨੇ ਦੀ ਨਮੀ ਦੇ ਵਧਣ ਨਾਲ ਐਫਸੀਆਈ ਵੱਲੋਂ ਝੋਨਾ ਖ਼ਰੀਦਣ ਤੋਂ ਇਨਕਾਰ ਕਰਨ ਸਬੰਧੀ ਕਿਸਾਨ ਦੇ ਸੰਸਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਇਸ ਹਾਲਤ ਵਿਚ ਵੀ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ| ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜ਼ਿਲ੍ਹੇ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ (ਖੇਮਕਰਨ), ਡਾ. ਧਰਮਬੀਰ ਅਗਨੀਹੋਤਰੀ (ਤਰਨ ਤਾਰਨ), ਹਰਮਿੰਦਰ ਸਿੰਘ ਗਿੱਲ (ਪੱਟੀ), ਨਵਤੇਜ ਸਿੰਘ ਚੀਮਾ (ਸੁਲਤਾਨਪੁਰ ਲੋਧੀ), ਜੋਗਿੰਦਰ ਸਿੰਘ ਮਾਨ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਆਈ.ਜੀ. ਐੱਸ.ਪੀ.ਐੱਸ. ਪਰਮਾਰ ਤੇ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਹਾਜ਼ਰ ਸਨ।
ਭਿੱਖੀਵਿੰਡ : ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਕਿਹਾ ਕਿ ਮਾਲ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਕੋਲੋਂ ਗਿਰਦਾਵਰੀ ਦੀਆਂ ਰਿਪੋਰਟਾਂ ਹਾਸਲ ਕਰਨ ਤੋਂ ਬਾਅਦ ਵਿਅਕਤੀਗਤ ਤੌਰ ’ਤੇ ਹੋਏ ਨੁਕਸਾਨ ਦੇ ਆਧਾਰ ’ਤੇ ਮੁਆਵਜ਼ੇ ਦੀ ਰਾਸ਼ੀ ਦਾ ਫ਼ੈਸਲਾ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਕੇਂਦਰ ਸਰਕਾਰ ਦੀ ਫ਼ਸਲ ਬੀਮਾ ਸਕੀਮ ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ ਇਹ ਸਕੀਮ ਕਿਸਾਨਾਂ ਦੇ ਨਾਲ-ਨਾਲ ਸੂਬੇ ਦੇ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਦੀਆਂ ਲੋੜਾਂ ਮੁਤਾਬਕ ਇਸ ਸਕੀਮ ਵਿੱਚ ਤਬਦੀਲੀ ਨਹੀਂ ਕਰਦੀ ਤਾਂ ਸੂਬਾ ਸਰਕਾਰ ਆਪਣੀ ਬੀਮਾ ਨੀਤੀ ਲਿਆਵੇਗੀ ਤਾਂ ਕਿ ਕਿਸਾਨਾਂ ਨੂੰ ਇਸ ਦਾ ਬਣਦਾ ਲਾਭ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਸੂਬਾ ਸਰਕਾਰ ਦੇ ਕੁਦਰਤੀ ਆਫਤ ਫੰਡ ਵਿੱਚੋਂ ਦਿੱਤੀ ਜਾਂਦੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 8 ਸਤੰਬਰ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਦੇ ਨਾਲ-ਨਾਲ ਇੰਡਸ, ਭਾਰਤ ਸਰਕਾਰ ਦੇ ਕਮਿਸ਼ਨਰ ਦਰਮਿਆਨ ਇਕ ਸਮਝੌਤਾ ਕੀਤਾ ਹੈ ਤਾਂ ਜੋ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਤਿੰਨ ਸਾਲਾਂ ਵਿੱਚ ਮੁਕੰਮਲ ਹੋਵੇਗਾ। ਜ਼ਿਲ੍ਹੇ ਵਿੱਚ ਫ਼ੌਜ ਵੱਲੋਂ ਤਿਆਰ ਕੀਤੇ ਆਰਜ਼ੀ ਪੁਲਾਂ ਨੂੰ ਸਥਾਈ ਪੁਲਾਂ ਵਿੱਚ ਬਦਲਣ ਦੀ ਮੰਗ ਪ੍ਰਤੀ ਮੁੱਖ ਮੰਤਰੀ ਨੇ ਕਿਹਾ ਉਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸੁਸ਼ਮਾ ਸਵਰਾਜ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਵੀ ਇਹ ਮੁੱਦਾ ਉਠਾਇਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੱਕ ਕਰਤਾਰਪੁਰ ਲਾਂਘਾ ਖੁਲ੍ਹਵਾਇਆ ਜਾਵੇ।
ਸੁਲਤਾਨਪੁਰ ਲੋਧੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਕੰਢੇ ਵਸਦੇ ਲੋਕਾਂ ਦੀਆਂ ਫ਼ਸਲਾਂ ਅਤੇ ਜਾਨ-ਮਾਲ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਪਿੰਡ ਪਰਮਜੀਤਪੁਰ ਵਿੱਚ ਹੈਲੀਕਾਪਟਰ ’ਤੇ ਪੁੱਜੇ ਤੇ ਇਸ ਮਗਰੋਂ ਉਨ੍ਹਾਂ ਦਰਿਆ ਬਿਆਸ ਦੇ ਕਿਨਾਰੇ ਧੁੱਸੀ ਬੰਨ੍ਹ ’ਤੇ ਵਸੇ ਲੋਕਾਂ ਦੀ ਸਾਰ ਲਈ।
ਮੋਦੀ ਨੇ ਪੰਜਾਬ ਨੂੰ ਮਦਦ ਦਾ ਭਰੋਸਾ ਦਿੱਤਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਭਾਰੀ ਮੀਂਹ ਨਾਲ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅੱਜ ਸ਼ਾਮ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਕੇ ਸੂਬਾ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਧਾਨ ਮੰਤਰੀ ਨੂੰ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ ਅਤੇ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਇਹ ਪ੍ਰਕਿਰਿਆ ਕਰ ਦਿੱਤੀ ਜਾਵੇਗੀ।