ਚੰਡੀਗੜ੍ਹ, ਪੰਜਾਬ ਦੇ ਵਾਤਾਵਰਨ ਤੇ  ਸਿੱਖਿਆ ਮੰਤਰੀ ਓਪੀ ਸੋਨੀ ਨੇ ਕਸਬਾ ਬਿਆਸ ਨੇੜੇ ਬਿਆਸ ਦਰਿਆ ਵਿੱਚ ਸੀਰਾ ਸੁੱਟਣ ਵਾਲੀ ਚੱਢਾ ਖੰਡ ਮਿੱਲ ਨੂੰ ਸੀਲ ਕਰਨ ਅਤੇ ਮਿੱਲ ਦੀ 25 ਲੱਖ ਰੁਪਏ ਦੀ ਅਮਾਨਤੀ ਰਕਮ ਰਾਸ਼ੀ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਕਿਸੇ ਦੇ ਦਬਾਅ ਹੇਠ ਨਹੀਂ ਹੈ ਤੇ ਖੰਡ ਮਿਲ ਸੀਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਿਲ ਮਾਲਕ ਦਿੱਲੀ ਦੇ ਸਰਨਾ ਭਰਾਵਾਂ ਦਾ ਕਰੀਬੀ ਰਿਸ਼ਤੇਦਾਰ ਹੈ ਤੇ ਇਸ ਕਰਕੇ ਉਹ ਮਿੱਲ ਵਿਰੁੱਧ ਕਿਸੇ ਕਾਰਵਾਈ ਨੂੰ ਰੁਕਵਾਉਣ ਲਈ ਸਰਗਰਮ ਹਨ।
ਕੈਬਨਿਟ ਮੰਤਰੀ ਸੋਨੀ ਨੇ ਜਾਂਚ ਕਮੇਟੀ ਕਾਇਮ ਕਰਕੇ ਤਿੰਨ ਦਿਨਾਂ ਵਿੱਚ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ ਅਤੇ ਜਾਂਚ ਰਿਪੋਰਟ ਵਿੱਚ ਜੇਕਰ ਮਿੱਲ ਪ੍ਰਬੰਧਕ ਕਸੂਰਵਾਰ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ ਪੰਜਾਬ ਭਵਨ ਵਿੱਚ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਜੇਕਰ ਕਿਸੇ ਨਗਰ ਨਿਗਮ ਤੇ ਨਗਰ ਕੌਂਸਲ ਅਧੀਨ ਪੈਂਦੀਆਂ ਸਨਅਤਾਂ ਬਿਨਾਂ ਸਾਫ਼ ਕੀਤਾ ਪਾਣੀ ਨਾਲਿਆਂ ਜਾਂ ਦਰਿਆਵਾਂ ਵਿੱਚ ਸੁੱਟਦੀਆਂ ਪਾਈਆਂ ਗਈਆਂ ਤਾਂ ਉਨ੍ਹਾਂ ਨਿਗਮਾਂ ਤੇ ਕੌਂਸਲਾਂ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸੂਬੇ ਦਾ ਸਨਅਤੀਕਰਨ ਨਾਲ ਹੈ ਪਰ ਨਾਲ ਹੀ ਵਾਤਾਵਰਨ ਨੂੰ ਵੀ ਬਚਾਇਆ ਜਾਵੇਗਾ। ਸਰਕਾਰ ਸਨਅਤਾਂ ਖ਼ਿਲਾਫ਼ ਨਹੀਂ ਹੈ, ਸਗੋਂ ਸਰਕਾਰ ਸਸਤੀ ਬਿਜਲੀ ਤੇ ਹੋਰ ਸਬਸਿਡੀਆਂ ਦੇ ਕੇ ਸਨਅਤਾਂ ਨੂੰ ਪ੍ਰਫੁੱਲਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਨਅਤਾਂ ਵਿੱਚ ਟਰੀਟਮੈਂਟ ਪਲਾਂਟ ਲਾਉਣੇ ਯਕੀਨੀ ਬਣਾਏ ਜਾਣ।
ਵਾਤਾਵਰਨ ਮੰਤਰੀ ਨੇ ਪਰਾਲੀ ਤੇ ਕਣਕ ਦਾ ਨਾੜ ਫੂਕਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਸਖ਼ਤੀ ਵਰਤਣ ਵਾਸਤੇ ਆਖਿਆ।