ਖਰੜ: ਸਾਲ 2021 ’ਚ ‘ਮਿਸ ਯੂਨੀਵਰਸ’ ਦਾ ਖ਼ਿਤਾਬ ਜਿੱਤਣ ਵਾਲੀ ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸੁਵੱਖਤੇ ਖਰੜ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਸਬ-ਡਿਵੀਜ਼ਨ ਨਾਲ ਸਬੰਧਤ ਪ੍ਰੀਤਮ ਸਿੰਘ (57) ਕਈ ਸਾਲ ਪਹਿਲਾਂ ਖਰੜ ਆ ਕੇ ਵਸ ਗਏ ਸਨ। ਪਰਿਵਾਰ ਦੇ ਜਾਣਕਾਰਾਂ ਮੁਤਾਬਕ ਪ੍ਰੀਤਮ ਸੰਧੂ ਵੀਰਵਾਰ ਰਾਤ ਆਮ ਵਾਂਗ ਸੁੱਤੇ ਪਰ ਸ਼ੁੱਕਰਵਾਰ ਸਵੇਰੇ ਨਹੀਂ ਉੱਠੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਅੈਲਾਨ ਦਿੱਤਾ। ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੋਣ ਦੀ ਸੰਭਾਵਨਾ ਹੈ। ਹਰਨਾਜ਼ ਨੂੰ ਜਦ ਇਸ ਬਾਰੇ ਦੱਸਿਆ ਗਿਆ ਤਾਂ ਉਹ ਮੁੰਬਈ ਵਿਚ ਸੀ ਤੇ ਘਰ ਵਾਪਸ ਆ ਗਈ ਹੈ।