ਮਲੋਟ, 12 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ‘ਕਿਸਾਨੀ ਪੱਤਾ’ ਖੇਡ ਕੇ ਪੰਜਾਬ ਦੀ ਧਰਤੀ ਤੋਂ ਮਿਸ਼ਨ-2019 ਦਾ ਮੁੱਢ ਬੰਨ੍ਹਿਆ। ਉਨ੍ਹਾਂ ਕਿਸਾਨੀ ਏਜੰਡੇ ’ਤੇ ਜ਼ੋਰ ਸ਼ੋਰ ਨਾਲ ਕਾਂਗਰਸ ਨੂੰ ਨਿਸ਼ਾਨੇ ’ਤੇ ਰੱਖਿਆ ਅਤੇ ਜਿਣਸਾਂ ਦੇ ਸਰਕਾਰੀ ਭਾਅ ’ਚ ਵਾਧੇ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਸ੍ਰੀ ਮੋਦੀ ਨੇ ਸਿਰਫ਼ ‘ਕਿਸਾਨ ਤੇ ਜਵਾਨ’ ਦੀ ਗੱਲ ਕੀਤੀ ਪ੍ਰੰਤੂ ਉਨ੍ਹਾਂ ਨੇ ਮੁਕੰਮਲ ਰੂਪ ਵਿਚ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ, ਕਿਸਾਨੀ ਕਰਜ਼ੇ ਅਤੇ ਖੁਦਕੁਸ਼ੀਆਂ ਦੇ ਮਾਮਲੇ ’ਤੇ ਚੁੱਪ ਨਾ ਤੋੜੀ। ਪ੍ਰਧਾਨ ਮੰਤਰੀ ਸਰਕਾਰੀ ਭਾਅ ’ਚ ਵਾਧੇ ਦੇ ਹਫ਼ਤੇ ਮਗਰੋਂ ਪਹਿਲੀ ਵਾਰ ਜਨਤਕ ਮੈਦਾਨ ’ਤੇ ਨਿਕਲੇ ਹਨ। ਇੱਥੋਂ ਦੀ ਦਾਣਾ ਮੰਡੀ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਮਜ਼ਦੂਰਾਂ ਨੇ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਦਾ ਧਰਵਾਸ ਬੰਨ੍ਹਿਆ। ਮੋਦੀ ਦਾ ਪੰਜਾਬ ਦਾ ਇਹ ਅੱਠਵਾਂ ਗੇੜਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠੀਕ 1.35 ਵਜੇ ਮੁੱਖ ਸਟੇਜ ’ਤੇ ਪੁੱਜੇ ਜਿੱਥੇ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਕਿਸਾਨ ਕਲਿਆਣ ਰੈਲੀ ਵਿੱਚ ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲੀ ਜੰਗ ਦੇ ਮਾਮਲੇ ’ਤੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਅਤੇ ਉਨ੍ਹਾਂ ਪੰਜਾਬ ਲਈ ਕੋਈ ਐਲਾਨ ਵੀ ਨਹੀਂ ਕੀਤਾ। ਸਟੇਜ ਤੋਂ ਮੋਦੀ ਨੂੰ ਦਸਤਾਰ ਪਹਿਨਾਈ ਗਈ ਪ੍ਰੰਤੂ ਉਨ੍ਹਾਂ ਉਸੇ ਪਲ ਹੀ ਦਸਤਾਰ ਉਤਾਰ ਦਿੱਤੀ। ਉਨ੍ਹਾਂ ਨੂੰ ਕਿਰਪਾਨ ਵੀ ਭੇਟ ਕੀਤੀ ਗਈ। ਤਿੰਨ ਸੂਬਿਆਂ ਦੇ ਕਿਸਾਨ ਇਕੱਠ ’ਚੋਂ ਰਾਜਸਥਾਨ ਦੀ ਮੁੱਖ ਮੰਤਰੀ ਗ਼ੈਰਹਾਜ਼ਰ ਰਹੀ। ਚਾਰ ਦਿਨਾਂ ’ਚ ਹੀ ਅਕਾਲੀ ਦਲ ਨੇ ਇਸ ਰੈਲੀ ਦੇ ਪ੍ਰਬੰਧ ਕੀਤੇ ਪ੍ਰੰਤੂ ਰਾਜਸਥਾਨ ਦੇ ਕਿਸਾਨਾਂ ਨੇ ਇਸ ਰੈਲੀ ਵਿਚ ਕੋਈ ਦਿਲਚਸਪੀ ਨਾ ਦਿਖਾਈ। ਪ੍ਰਧਾਨ ਮੰਤਰੀ ਨੇ ਆਪਣੇ ਪੌਣੇ ਘੰਟੇ ਦੇ ਭਾਸ਼ਣ ’ਚ ਆਖਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸਾਲ 2022 ਤੱਕ ਆਮਦਨ ਦੁੱਗਣੀ ਕਰਨ ਲਈ ਵਿਆਪਕ ਰਣਨੀਤੀ ਬਣਾਈ ਹੈ। ਉਨ੍ਹਾਂ ਆਖਿਆ ਕਿ ਜਿਣਸਾਂ ਦੇ ਸਰਕਾਰੀ ਭਾਅ ’ਚ ਵਾਧਾ ਹੋਣ ਮਗਰੋਂ ਕਿਸਾਨਾਂ ਦੀ ਚਿੰਤਾ ਦੂਰ ਹੋਈ ਹੈ ਜਦੋਂ ਕਿ ਕਾਂਗਰਸ ਦੀ ਨੀਂਦ ਉੱਡੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ 70 ਵਰ੍ਹਿਆਂ ਦੌਰਾਨ ਕਿਸਾਨੀ ਮਿਹਨਤ ਦਾ ਮੁੱਲ ਨਹੀਂ ਪਾਇਆ ਅਤੇ ਕਿਸਾਨਾਂ ਦੀ ਇੱਜ਼ਤ ਕਰਨ ਦੀ ਥਾਂ ਕਿਸਾਨਾਂ ਨੂੰ ਵੋਟ ਬੈਂਕ ਹੀ ਸਮਝਿਆ। ਕਾਂਗਰਸ ਨੇ ਕਿਸਾਨਾਂ ਨਾਲ ਧੋਖਾ ਕੀਤਾ ਜਦੋਂ ਕਿ ਐਨ.ਡੀ.ਏ ਸਰਕਾਰ ਨੇ ਵਾਅਦੇ ਪੂਰੇ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਵਿਰੋਧੀਆਂ ਦੀਆਂ ਰਾਤਾਂ ਖ਼ਰਾਬ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਰੈਲੀ ਦੇ ਇਕੱਠ ਨੂੰ ’ਕਿਸਾਨਾਂ ਦਾ ਕੁੰਭ’ ਦੱਸਦੇ ਹੋਏ ਸਿੱਖ ਪਰੰਪਰਾ ਤੇ ਵੀਰਤਾ ਦੀ ਗੱਲ ਵੀ ਕੀਤੀ ਅਤੇ ਮਲੋਟ ਖ਼ਿੱਤੇ ਦੇ ਨਰਮੇ ਦੀ ਵਡਿਆਈ ਵੀ ਕੀਤੀ। ਉਨ੍ਹਾਂ ਦਾਅਵਾ ਕੀਤਾ ਫ਼ਸਲਾਂ ਦੇ ਸਰਕਾਰੀ ਭਾਅ ’ਚ 200 ਤੋਂ ਲੈ ਕੇ 1800 ਰੁਪਏ ਦਾ ਵਾਧਾ ਹੋਇਆ ਹੈ ਜਿਸ ਦਾ ਸਭ ਤੋਂ ਵੱਡਾ ਫ਼ਾਇਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਆਖਿਆ ਕਿ ਕਿਸਾਨੀ ਦੇ ਸਾਰੇ ਖ਼ਰਚੇ ਲਾਗਤ ਵਿੱਚ ਜੋੜੇ ਗਏ ਹਨ ਜਿਸ ਨਾਲ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕੇਂਦਰੀ ਸਕੀਮਾਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਜਲਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਖਾਦ ਦਾ ਖਰਚਾ ਘਟਾਉਣ। ਕੇਂਦਰ ਤਰਫ਼ੋਂ ਪੰਜਾਹ ਕਰੋੜ ਦਾ ਫ਼ੰਡ ਬਣਾਇਆ ਗਿਆ ਹੈ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਦੀ ਖ਼ਰੀਦ ਵਿੱਚ ਮਾਲੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਮਾਲਵੇ ਵਿੱਚ ਕੈਂਸਰ ਦੀ ਬਿਮਾਰ ’ਤੇ ਫ਼ਿਕਰ ਜ਼ਾਹਿਰ ਕਰਦੇ ਹੋਏ ਪ੍ਰਦੂਸ਼ਣ ਘਟਾਉਣ ’ਚ ਸਹਿਯੋਗ ਮੰਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਠਿੰਡਾ ਵਿੱਚ ਬਣਨ ਵਾਲੇ ਏਮਜ਼ ਇੰਸਟੀਚਿਊਟ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਬਠਿੰਡਾ ਨੂੰ ਏਮਜ਼ ਇੰਸਟੀਚਿਊਟ ਦਿੱਤਾ। ਹੁਣ ਪੰਜਾਬ ਸਰਕਾਰ ਇਸ ਦੀ ਉਸਾਰੀ ਲਈ ਸਹਿਯੋਗ ਕਰੇ ਅਤੇ ਕੰਮਾਂ ਵਿਚ ਤੇਜ਼ੀ ਲਿਆਏ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਆਖਿਆ ਕਿ ਹੁਣ ਦੀ ਪੰਜਾਬ ਸਰਕਾਰ ਦੇ ਰਾਜ ਦੌਰਾਨ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਗੱਠਜੋੜ ਸਰਕਾਰ ਦੇ ਜਾਣ ਮਗਰੋਂ ਸੂਬੇ ਦਾ ਗਰਾਫ਼ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਤੇ ਧੰਨਵਾਦ ਕਰਦੇ ਹੋਏ ਜਿਣਸਾਂ ਦੇ ਭਾਅ ਵਿਚ ਹੋਏ ਵਾਧੇ ਨੂੰ ਕਿਸਾਨੀ ਕਿੱਤੇ ਨੂੰ ਮੁਨਾਫਾਬਖ਼ਸ਼ ਬਣਾਉਣ ਲਈ ਵੱਡਾ ਕਦਮ ਦੱਸਿਆ।ਸ੍ਰੀ ਬਾਦਲ ਨੇ ਆਖਿਆ ਕਿ ਇਸ ਕਦਮ ਮਗਰੋਂ ਹੁਣ ਕਿਸਾਨਾਂ ਦੀ ਨਵੀਂ ਪੀੜੀ ਮੁੜ ਖੇਤੀ ਵੱਲ ਮੁੜੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਭਾਸ਼ਣ ਵਿਚ ਹਰਿਆਣੇ ਦਾ ਵਿਕਾਸ ਕਾਰਡ ਦਿਖਾਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਹਾੜਾ ਵੱਡੇ ਪੱਧਰ ’ਤੇ ਮਨਾਏ ਜਾਣ ਦੀ ਮੰਗ ਰੱਖੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਸਮਾਗਮਾਂ ਵਿੱਚ ਕੇਂਦਰੀ ਮੰਤਰੀ ਵਿਜੇ ਸਾਂਪਲਾ, ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ, ਰਾਜਸਥਾਨ ਦੇ ਵਜ਼ੀਰ ਸੁਰਿੰਦਰਪਾਲ, ਐਮ.ਪੀ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ, ਭਾਜਪਾ ਹਰਿਆਣਾ ਦੇ ਪ੍ਰਧਾਨ ਸੁਭਾਸ਼ ਬਰਾਲਾ ਆਦਿ ਹਾਜ਼ਰ ਸਨ। ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਟੇਜ ਦਾ ਸੰਚਾਲਨ ਕੀਤਾ।