ਬਠਿੰਡਾ, 2 ਜੂਨ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ ਸ਼ਰਮਾ ਦੀ ਅਗਵਾਈ ਹੇਠ ਮੁਸਾਫ਼ਰਾਂ ਲਈ ਬਠਿੰਡਾ ਡਿਪੂ ਵਲੋਂ ਰੋਜ਼ਾਨਾਂ 9 ਵੱਖ-ਵੱਖ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਹ ਬੱਸ ਸਰਵਿਸ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ 9 ਵਜੇ ਤੱਕ ਮੁਸਾਫ਼ਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਮਿਸ਼ਨ ਫ਼ਤਿਹ ਤਹਿਤ 20 ਮਈ ਤੋਂ ਸੋਮਵਾਰ ਸ਼ਾਮ ਤੱਕ ਬਠਿੰਡਾ ਡਿਪੂ ਦੀਆਂ ਬੱਸਾਂ ’ਤੇ 5927 ਮੁਸਾਫ਼ਰ ਸਫ਼ਰ ਕਰ ਚੁੱਕੇ ਹਨ। ਮੁਸਾਫ਼ਰਾਂ ਤੋਂ ਸਧਾਰਨ ਕਿਰਾਇਆ ਹੀ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਜਨਰਲ ਮੈਨੇਜ਼ਰ ਸ਼੍ਰੀ ਰਮਨ ਸ਼ਰਮਾ ਨੇ ਸਾਂਝੀ ਕੀਤੀ।
ਜਨਰਲ ਮੈਨੇਜ਼ਰ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੋਵਿਡ-19 ਦੇ ਮੱਦੇਨਜਰ ਮਿਸ਼ਨ ਫ਼ਤਿਹ ਤਹਿਤ ਮੁਸਾਫ਼ਰਾਂ ਦੀ ਸਹੂਲਤ ਲਈ ਬਠਿੰਡਾ ਡਿਪੂ ਵਲੋਂ ਬਠਿੰਡਾ-ਚੰਡੀਗੜ, ਬਠਿੰਡਾ-ਮਲੋਟ, ਬਠਿੰਡਾ-ਕਿੱਲਿਆਂ ਵਾਲੀ (ਡੱਬਵਾਲੀ), ਬਠਿੰਡਾ-ਮਾਨਸਾ, ਬਠਿੰਡਾ-ਤਲਵੰਡੀ ਸਾਬੋ, ਬਠਿੰਡਾ-ਫ਼ਰੀਦਕੋਟ, ਬਠਿੰਡਾ-ਅਮਿ੍ਰੰਤਸਰ, ਬਠਿੰਡਾ-ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਤੋਂ ਭਗਤਾ ਦੇ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਰੂਟਾਂ ’ਤੇ ਵੀ ਬੱਸਾਂ ਚਲਾਈਆਂ ਜਾਣਗੀਆਂ। ਬੱਸਾਂ ’ਤੇ ਸਫ਼ਰ ਕਰਨ ਲਈ .. ’ਤੇ ਵੀ ਆਨ ਲਾਇਨ ਬੂਕਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੱਸਾਂ ਦੀ ਸਮਾਂਸਾਰਨੀ ਸਬੰਧੀ ਜਾਣਕਾਰੀ ਲਈ ਵੈਬਸਾਈਟ .. ’ਤੇ ਵੀ ਸਰਚ ਕੀਤਾ ਜਾ ਸਕਦਾ ਹੈ।
ਜਨਰਲ ਮੈਨੇਜ਼ਰ ਸ਼੍ਰੀ ਰਮਨ ਸ਼ਰਮਾ ਨੇ ਇਹ ਵੀ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਸ਼ੁਰੂ ਕੀਤੀ ਗਈ ਬੱਸ ਸਰਵਿਸ ਦੌਰਾਨ ਸੈਨੀਟਾਈਜ਼ਰ ਵੀ ਵਿਸ਼ੇਸ਼ ਤੌਰ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੱਸਾਂ ਵਿਚ ਸਫ਼ਰ ਕਰਦੇ ਸਾਰੇ ਮੁਸਾਫ਼ਰਾਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਬੱਸਾਂ ਵਿਚ ਸਫ਼ਰ ਕਰਨ ਤੋਂ ਪਹਿਲਾਂ ਹਰ ਇੱਕ ਮੁਸਾਫ਼ਰ ਦੀ ਥਰਮਲ ਸਕੈਨਰ ਨਾਲ ਸਕੈਨਿੰਗ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਨਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾਂਦੀ ਹੈ।