ਕੋਲੰਬੋ, ਇੱਥੇ ਸ੍ਰੀਲੰਕਾ ਖ਼ਿਲਾਫ਼ ਇੱਕ ਰੋਜ਼ਾ ਲੜੀ ਦੇ ਆਖ਼ਰੀ ਤੇ ਪੰਜਵੇਂ ਮੈਚ ਵਿੱਚ ਮੇਜ਼ਬਾਨ ਟੀਮ ਵੱਲੋਂ ਦਿੱਤਾ 239 ਦੌੜਾਂ ਦਾ ਟੀਚਾ ਸਰ ਕਰਨ ਉਤਰੀ ਭਾਰਤ ਦੀ ਟੀਮ ਨੇ 46.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਇਹ ਟੀਚਾ ਸਰ ਕਰ ਕੇ ਮੈਚ ਅਤੇ ਇੱਕ ਰੋਜ਼ਾ ਲੜੀ ਆਪਣੇ ਨਾਂ ਕਰ ਲਈ। ਇਸ ਜਿੱਤ ਵਿੱਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 116 ਗੇਂਦਾਂ ਵਿੱਚ ਨਾਬਾਦ 110 ਦੌੜਾਂ, ਬੱਲੇਬਾਜ਼ ਕੇਦਾਰ ਜਾਧਵ ਨੇ 73 ਗੇਂਦਾਂ ਵਿੱਚ 63 ਦੌੜਾਂ ਅਤੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪੰਜ ਵਿਕਟਾਂ ਝਟਕਾ ਕੇ ਵਿਸ਼ੇਸ਼ ਯੋਗਦਾਨ ਪਾਇਆ। ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਛੇਤੀ ਹੀ ਡਿੱਗ ਗਈਆਂ ਸਨ। ਭਾਰਤ ਦੀ ਪਹਿਲੀ ਵਿਕਟ ਅਜਿੰਕਿਆ ਰਹਾਣੇ ਦੇ ਰੂਪ ਵਿੱਚ ਡਿੱਗੀ। ਉਹ 17 ਗੇਂਦਾਂ ਵਿੱਚ ਪੰਜ ਦੌੜਾਂ ਹੀ ਬਣਾ ਸਕਿਆ ਤੇ ਪੰਜਵੇਂ ਓਵਰ ਵਿੱਚ ਮਲਿੰਗਾ ਦੀ ਗੇਂਦ ’ਤੇ ਮੁਨਾਵੀਰਾ ਹੱਥੋਂ ਕੈਚ ਆਊਟ ਹੋਇਆ। ਇਸ ਤੋਂ ਬਾਅਦ ਰੋਹਿਤ ਸ਼ਰਮਾ ਵਿਸ਼ਵਾ ਫਰਨੈਂਡੋ ਦੀ ਗੇਂਦ ’ਤੇ ਪੁਸ਼ਪਾਕੁਮਾਰਾ ਹੱਥੋਂ
20 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋਇਆ। ਉਸ ਦੇ ਆਊਟ ਹੋਣ ਨਾਲ ਭਾਰਤ ਦਾ ਸਕੋਰ 29 ਦੌੜਾਂ ’ਤੇ ਦੋ ਵਿਕਟਾਂ ਹੋ ਗਿਆ ਸੀ। ਭਾਰਤ ਦੀ ਤੀਜੀ ਵਿਕਟ ਮਨੀਸ਼ ਪਾਂਡੇ ਦੇ ਰੂਪ ਵਿੱਚ 26ਵੇਂ ਓਵਰ ਵਿੱਚ ਡਿੱਗੀ। ਪੁਸ਼ਪਾਕੁਮਾਰਾ ਦੀ ਗੇਂਦ ’ਤੇ ਉਸ ਦਾ ਕੈਚ ਥਰੰਗਾ ਨੇ ਫੜਿਆ। ਉਸ ਨੇ 53 ਗੇਂਦਾਂ ਖੇਡਦਿਆਂ ਦੋ ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਕਰੀਜ਼ ’ਤੇ ਆਏ ਕਪਤਾਨ ਵਿਰਾਟ ਕੋਹਲੀ ਅਤੇ ਪਾਂਡੇ ਦੇ ਜਾਣ ਤੋਂ ਬਾਅਦ ਆਏ ਕੇਦਾਰ ਜਾਧਵ ਨੂੰ ਆਊਟ ਕਰਨਾ ਮੇਜ਼ਬਾਨ ਟੀਮ ਲਈ ਮੁਸ਼ਕਲ ਬਣ ਗਈ। ਕਪਤਾਨ ਵਿਰਾਟ ਕੋਹਲੀ ਨੇ 116 ਗੇਂਦਾਂ ਦਾ ਸਾਹਮਣਾ ਕਰਦਿਆਂ 9 ਚੌਕਿਆਂ ਦੀ ਮਦਦ ਨਾਲ ਨਾਬਾਦ 110 ਦੌੜਾਂ ਬਣਾਈਆਂ। ਕੇਦਾਰ ਜਾਧਵ ਨੇ ਉਸ ਦਾ ਬਾਖੂਬੀ ਸਾਥ ਨਿਭਾਇਆ ਤੇ 7 ਚੌਕਿਆਂ ਦੀ ਮਦਦ ਨਾਲ 73 ਗੇਂਦਾਂ ਵਿੱਚ 63 ਦੌੜਾਂ ਬਣਾਈਆਂ ਪਰ ਉਹ 47ਵੇਂ ਓਵਰ ਵਿੱਚ ਹਾਸਾਰੰਗਾ ਦੀ ਗੇਂਦ ’ਤੇ ਡਿਕਵੈਲਾ ਹੱਥੋਂ ਕੈਚ ਆਊਟ ਹੋ ਗਿਆ। ਉਸ ਤੋਂ ਬਾਅਦ ਕੋਹਲੀ ਦਾ ਸਾਥ ਦੇਣ ਆਏ ਮਹਿੰਦਰ ਸਿੰਘ ਧੋਨੀ ਨੇ ਇੱਕ ਗੇਂਦ ਖੇਡਦਿਆਂ ਇੱਕ ਦੌੜ ਬਣਾਈ।
ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਦੇ ਕਰੀਅਰ ਦੇ ਸਰਬੋਤਮ ਪ੍ਰਦਰਸ਼ਨ ਸਦਕਾ ਭਾਰਤ ਨੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਸ੍ਰੀਲੰਕਾ ਨੂੰ 238 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਲਾਹਿਰੂ ਥਿਰਿਮਾਨੇ (67) ਅਤੇ ਐਂਜੇਲੋ ਮੈਥਿਊਜ਼ (55) ਦਰਮਿਆਨ ਚੌਥੀ ਵਿਕਟ ਲਈ 122 ਦੌੜਾਂ ਦੀ ਭਾਈਵਾਲੀ ਸਦਕਾ ਲੰਕਾ ਇੱਕ ਵੇਲੇ 185 ਦੌੜਾਂ ਬਣਾ ਕੇ ਚੰਗੀ ਹਾਲਤ ਵਿੱਚ ਸੀ ਪਰ ਪਹਿਲੀ ਵਾਰ ਪੰਜ ਵਿਕਟਾਂ ਝਟਕਾਉਣ ਵਾਲੇ ਭੁਵਨੇਸ਼ਵਰ (42 ਦੌੜਾਂ ’ਤੇ ਪੰਜ ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (45 ਦੌੜਾਂ ’ਤੇ ਦੋ ਵਿਕਟਾਂ) ਦੀ ਤੇਜ਼ਤਰਾਰ ਗੇਂਦਬਾਜ਼ੀ ਸਾਹਮਣੇ ਟੀਮ ਨੇ ਆਖਰੀ ਸੱਤ ਵਿਕਟਾਂ 53 ਦੌੜਾਂ ਜੋੜ ਕੇ ਹੀ ਗੁਆ ਦਿੱਤੀਆਂ ਤੇ ਪੂਰੀ ਟੀਮ 49.4 ਓਵਰਾਂ ਵਿੱਚ 238 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਥਿਰਿਮਾਨੇ ਅਤੇ ਮੈਥਿਊਜ਼ ਦੀ ਭਾਈਵਾਲੀ ਭਾਰਤ ਖ਼ਿਲਾਫ਼ ਸ੍ਰੀਲੰਕਾ ਦੀ ਚੌਥੀ ਵਿਕਟ ਲਈ ਸਰਬੋਤਮ ਭਾਈਵਾਲੀ ਹੈ। ਸ੍ਰੀਲੰਕਾ ਦੇ ਕਾਰਜਕਾਰੀ ਕਪਤਾਨ ਉਪੁਲ ਥਰੰਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਉਸ ਦੀ 35 ਗੇਂਦਾਂ ਵਿੱਚ 48 ਦੌੜਾਂ ਦੀ ਪਾਰੀ ਦੇ ਬਾਵਜੂਦ ਟੀਮ 10ਵੇਂ ਓਵਰ ਵਿੱਚ 63 ਦੌੜਾਂ ਤੱਕ ਤਿੰਨ ਵਿਕਟਾਂ ਗੁਆਉਣ ਕਾਰਨ ਸੰਕਟ ਵਿੱਚ ਸੀ। ਥਰੰਗਾ ਨੇ ਭੁਵਨੇਸ਼ਵਰ ਕੁਮਾਰ ਦੇ ਪਹਿਲੇ ਓਵਰ ਵਿੱਚ ਚੌਕੇ ਨਾਲ ਖਾਤਾ ਖੋਲ੍ਹਿਆ ਅਤੇ ਫੇਰ ਅਗਲੇ ਓਵਰ ਵਿੱਚ ਸ਼ਰਦੁਲ ਕੁਮਾਰ ਦੀ ਗੇਂਦ ’ਤੇ ਵੀ ਚੌਕਾ ਜੜਿਆ। ਭੁਵਨੇਸ਼ਵਰ ਨੇ ਨਿਰੋਸ਼ਨ ਡਿਕਵੇਲਾ (02) ਦਾ ਆਪਣੀ ਹੀ ਗੇਂਦ ’ਤੇ ਕੈਚ ਫੜ ਕੇ ਪਹਿਲੀ ਵਿਕਟ ਲਈ। ਥਰੰਗਾ ਨੇ ਠਾਕੁਰ ਨੂੰ ਤਿੰਨ ਚੌਕੇ ਜੜੇ ਪਰ ਦਿਲਸ਼ਾਨ ਮੁਨਾਵੀਰਾ (04) ਦਾ ਭੁਵਨੇਸ਼ਵਰ ਦੀ ਗੇਂਦ ’ਤੇ ਵਿਰਾਟ ਕੋਹਲੀ ਨੇ ਕੈਚ ਫੜਿਆ। ਥਰੰਗਾ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਵੀ ਚੌਕਾ ਜੜਿਆ ਪਰ ਅਗਲੀ ਗੇਂਦ ’ਤੇ ਵਿਕਟਕੀਪਰ ਧੋਨੀ ਨੇ ਉਸ ਦਾ ਕੈਚ ਫੜ ਲਿਆ। ਇਸ ਸਲਾਮੀ ਬੱਲੇਬਾਜ਼ ਨੇ ਆਪਣੀ ਪਾਰੀ ਵਿੱਚ ਨੌਂ ਚੌਕੇ ਜੜੇ, ਜਿਨ੍ਹਾਂ ਵਿੱਚੋਂ ਸੱਤ ਉਸ ਨੇ ਠਾਕੁਰ ਨੂੰ ਜੜੇ।