ਬਠਿੰਡਾ 09 ਜੂਨ: ਬਠਿੰਡਾ ਜ਼ਿਲੇ ਲਈ ਮੰਗਲਵਾਰ ਮੰਗਲ ਰਿਹਾ ਹੈ। ਅੱਜ ਜ਼ਿਲੇ ਵਿਚ ਦੋ ਕੋਵਿਡ 19 ਦੇ ਮਰੀਜ ਠੀਕ ਹੋ ਕੇ ਘਰ ਪਰਤ ਗਏ ਹਨ। ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਸਿਰਫ 8 ਰਹਿ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ ਨਾਲ ਸਬੰਧਤ ਅੱਜ 43 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ ਜਦ ਕਿ 313 ਨਮੂਨਿਆਂ ਦੀ ਰਿਪੋਰਟ ਆਉਣੀ ਬਕਾਇਆ ਹੈ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜਿੰਨਾਂ ਦੋ ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਉਨਾਂ ਨੂੰ ਸਾਰੀਆਂ ਸਾਵਧਾਨੀਆਂ ਰੱਖਣ ਅਤੇ ਫਿਲਹਾਲ ਘਰ ਵਿਚ ਇਕਾਂਤਵਾਸ ਵਿਚ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਦੂਜੇ ਪਾਸੇ ਸਿਹਤ ਵਿਭਾਗ ਨੇ ਹੁਣ ਜ਼ਿਲਾ ਹਸਪਤਾਲ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰਾਂ ਸੀਐਚਸੀ ਵਿਖੇ ਵੀ ਕਰੋਨਾ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਸੈਂਪਲ ਇੱਕਤਰ ਕੀਤੇ ਜਾ ਸਕਨ। ਜ਼ਿਲੇ ਵਿਚ ਇਸ ਸਮੇਂ ਰੋਜਾਨਾ ਔਸਤਨ 300 ਨਮੂਨੇ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਬਿਮਾਰੀ ਦੇ ਪਸਾਰ ਤੇ ਤੇਜੀ ਨਾਲ ਕੰਟਰੋਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਮਿਸ਼ਨ ਫਤਿਹ ਤਹਿਤ ਅਪੀਲ ਕੀਤੀ ਹੈ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਾਉਣ, ਵਾਰ ਵਾਰ ਹੱਥ ਧੋਣ ਅਤੇ ਜਨਤਕ ਥਾਂਵਾਂ ਤੇ ਸਮਾਜਿਕ ਦੂਰੀ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।