ਚੰਡੀਗੜ੍ਹ, 7 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਮਿਲਕ ਪਲਾਂਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਖਾਧ ਪਦਾਰਥ ਬਣਾਉਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਬਿਨਾਂ ਵਜ੍ਹਾ ਤੰਗ ਨਹੀਂ ਕੀਤਾ ਜਾਵੇਗਾ ਪਰ ਮਿਲਾਵਟ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਖਾਧ ਪਦਾਰਥਾਂ ਨਾਲ ਜੁੜੇ ਕਾਰੋਬਾਰੀ ਐੱਫਐੱਸਐੱਸਏਆਈ ਵੱਲੋਂ ਨਿਰਧਾਰਤ ਪੈਮਾਨਿਆਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਮਿਲਾਵਟਖੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਪੰਜਾਬ ਸਰਕਾਰ ਦਾ ਸਾਥ ਦੇਣ, ਤਾਂ ਜੋ ਸੂਬੇ ਦੇ ਲੋਕਾਂ ਨੂੰ ਪੌਸ਼ਟਿਕ ਤੇ ਸਿਹਤਮੰਦ ਖੁਰਾਕ ਮੁਹੱਈਆ ਕਰਵਾਇਆ ਜਾ ਸਕੇ। ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਨਕਲੀ ਦੁੱਧ ਤੇ ਘੀ ਦੀ ਵਿਕਰੀ ਕਾਰਨ ਸ਼ੁੱਧ ਦੇਸੀ ਘੀ ਤੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਵੱਡੇ ਪੱਧਰ ’ਤੇ ਮਾਲੀ ਘਾਟਾ ਹੋ ਰਿਹਾ ਹੈ। ਫੂਡ ਸੇਫਟੀ ਕਮਿਸ਼ਨਰ ਕੇ.ਐੱਸ. ਪੰਨੂ ਨੇ ਦੱਸਿਆ ਕਿ ਪਿਛਲੇ ਮਹੀਨੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਅਤੇ ਦੁੱਧ ਤੇ ਖਾਧ ਪਦਾਰਥਾਂ ਦੇ ਭਰੇ ਸੈਂਪਲਾਂ ਵਿੱਚੋਂ ਲਗਪਗ 40 ਫੀਸਦੀ ਸੈਂਪਲ ਫੇਲ੍ਹ ਹੋਏ ਹਨ।
ਪਨੀਰ ਬਣਾਉਣ ਵਾਲੇ ਕਾਰੋਬਾਰੀਆਂ ਦੀ ਐਸੋਸੀਏਸ਼ਨ ਦੇ ਮੈਂਬਰ ਨੇ ਵੀ ਸਿਹਤ ਮੰਤਰੀ ਨੂੰ ਆਪਣੀਆਂ ਮੰਗਾਂ ਤੇ ਮਿਲਾਵਟਖੋਰਾਂ ਕਾਰਨ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ। ਸਿਹਤ ਮੰਤਰੀ ਨੇ ਭਰੋਸਾ ਕਿ ਸਰਕਾਰ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦੇਵੇਗੀ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਛਾਪੇ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਜਾਂ ਕਾਰੋਬਾਰੀ ਦਾ ਨੁਕਸਾਨ ਨਾ ਹੋਵੇ। ਸਿਹਤ ਮੰਤਰੀ ਨੇ ਕਾਰੋਬਾਰੀਆਂ ਤੇ ਖਾਧ ਪਦਾਰਥ ਬਣਾਉਣ ਵਾਲੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਮਿਲਾਵਟੀ ਤੇ ਗੈਰਮਿਆਰੀ ਖਾਧ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਦਾ ਸਾਥ ਦੇਣ। ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਸਿਹਤ ਵਿਭਾਗ ਨੇ ਪੰਜਾਬ ਵਿੱਚ ਵੱਖ ਵੱਖ ਥਾਈ ਛਾਪੇ ਮਾਰ ਕੇ ਵੱਡੀ ਮਾਤਰਾ ਵਿੱਚ ਨਕਲੀ ਖਾਧ ਪਦਾਰਥ ਜ਼ਬਤ ਕੀਤੇ ਸਨ।