ਅੰਮ੍ਰਿਤਸਰ, 26 ਜੁਲਾਈ
ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅੱਜ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ’ਤੇ ਇਕੱਠੇ ਨਤਮਸਤਕ ਹੋਏ। ਇਨ੍ਹਾਂ ਵਿੱਚ ਕਾਂਗਰਸ ਦੀ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਪਰਿਵਾਰ ਸ਼ਾਮਲ ਸਨ। ਦੋਵੇਂ ਪਰਿਵਾਰਾਂ ਦੀ ਨੇੜਲੀ ਰਿਸ਼ਤੇਦਾਰੀ ਵੀ ਹੈ। ਇਸ ਦੌਰਾਨ ਅੱਜ ਸਾਬਕਾ ਅਕਾਲੀ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵੀ ਹਰਿਮੰਦਰ ਸਾਹਿਬ ਮੱਥਾ ਟੇਕਿਆ।
ਜਾਣਕਾਰੀ ਅਨੁਸਾਰ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਦੇ 21ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਅਕਾਲ ਤਖ਼ਤ ਸਾਹਿਬ ’ਤੇ ਕਰਵਾਏ ਅਖੰਡ ਪਾਠ ਦਾ ਭੋਗ ਪਿਆ। ਇਸ ਮੌਕੇ ਜਿੱਥੇ ਸ੍ਰੀ ਮਾਨ ਦੇ ਜਵਾਈ ਪਰਦੀਪ ਸਿੰਘ ਸੰਧੂ ਤੇ ਬੇਟੀ ਪਵਿੱਤ ਕੌਰ ਮੌਜੂਦ ਸਨ, ਉਥੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੀ ਹਾਜ਼ਰ ਸਨ। ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਮਾਨ ਨੇ ਪਰਿਵਾਰ ਨੂੰ ਸਿਰੋਪਾ ਭੇਟ ਕੀਤਾ। ਇਸ ਮੌਕੇ ਪਾਰਟੀ ਆਗੂ ਕਰਨੈਲ ਸਿੰਘ ਸਖੀਰਾ ਵੀ ਹਾਜ਼ਰ ਸਨ।