ਮਾਨਸਾ, 21 ਮਈ
ਇਥੋਂ ਦੇ ਕੈਂਚੀਆਂ ਚੌਂਕ ਵਿਚ ਅੱਜ ਸ਼ਾਮ ਗੱਡੀ ਸਵਾਰ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਕਾਂਗਰਸੀ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਇਸ ਨੂੰ ਪੁਰਾਣੀ ਰੰਜ਼ਿਸ ਮੰਨ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਦਾ ਵਾਸੀ ਕਾਂਗਰਸੀ ਨੇਤਾ ਸੁਖਵਿੰਦਰ ਸਿੰਘ ਬੱਗੀ (35) ਸ਼ਾਮ ਚਾਰ ਵਜੇ ਦੇ ਕਰੀਬ ਗੱਡੀ ’ਤੇ ਪਿੰਡ ਵੱਲ ਜਾ ਰਿਹਾ ਸੀ ਕਿ ਮਾਨਸਾ ਕੈਂਚੀਆਂ ‘ਤੇ ਉਹ ਕਿਸੇ ਕੰਮ ਲਈ ਰੁਕਿਆ। ਉਹ ਜਿਵੇਂ ਹੀ ਗੱਡੀ ਵਿਚੋਂ ਉਤਰਿਆ ਤਾਂ ਪਿੱਛੋਂ ਆਈ ਗੱਡੀ ਵਿਚ ਸਵਾਰ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਉਸ ਦੇ ਛੇ ਗੋਲੀਆਂ ਲੱਗੀਆਂ ਹਨ। ਸੁਖਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਤੁਰੰਤ ਮੌਕੇ ’ਤੇ ਪੁੱਜੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੀ ਗੱਡੀ ਸ਼ਹਿਰ ਵੱਲ ਗਈ ਹੈ ਪਰ ਪੁਲੀਸ ਨੂੰ ਇਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲੀਸ ਨੇ ਸ਼ਹਿਰ ਦੀ ਨਾਕਾਬੰਦੀ ਕਰ ਕੇ ਹਮਲਾਵਰਾਂ ਦੀ ਤਲਾਸ਼ ਆਰੰਭ ਦਿੱਤੀ ਹੈ। ਹੋਰਨਾਂ ਥਾਣਿਆਂ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਸੁਖਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਵਿਚੋਂ ਬਾਹਰ ਆਇਆ ਸੀ।
ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜ਼ਿਸ ਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।