ਚੰਡੀਗੜ੍ਹ, 20 ਨਵੰਬਰ
ਆਰਆਰਐਸ ਆਗੂ ਜਗਦੀਸ਼ ਗਗਨੇਜਾ ਦੇ ਕਤਲ ਸਮੇਤ ਪੰਜ ਹੋਰ ਅਹਿਮ ਕਤਲਾਂ ਦੇ ਮਾਮਲੇ ਹੱਲ ਕਰਨ ਤੋਂ ਬਾਅਦ ਸਵੈ ਭਰੋਸੇ ’ਚ ਆਈ ਪੰਜਾਬ ਪੁਲੀਸ ਨੇ  ਨਾਮਧਾਰੀ ਡੇਰਾ ਮੁਖੀ ਮਰਹੂਮ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦੇ ਕਾਤਲਾਂ ਦਾ ਪਤਾ ਲਾਉਣ ਲਈ ਨਵੇਂ ਸਿਰੇ ਤੋਂ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਬਾਬਤ ਪੰਜਾਬ ਪੁਲੀਸ ਮੁਖੀ ਸੁਰੇਸ਼ ਅਰੋੜਾ ਨੇ ਦੋ ਦਿਨ ਪਹਿਲਾਂ ਲੁਧਿਆਣਾ ਪੁਲੀਸ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਮੀਟਿੰਗ ਕੀਤੀ ਅਤੇ ਕਾਤਲਾਂ ਦਾ ਖੁਰਾ ਖੋਜ ਲਾਉਣ ਵਿੱਚ ਕੋਈ ਕਸਰ ਨਾ ਛੱਡਣ ਲਈ ਕਿਹਾ। ਪਿਛਲੀ ਸਰਕਾਰ ਨੇ ਕੇਸ ਹੱਲ ਨਾ ਹੋਣ ਕਰਕੇ ਇਸ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਸੀ। ਇਸ ਦੇ ਬਾਵਜੂਦ ਪੰਜਾਬ ਪੁਲੀਸ ਨੇ ਇਸ ਕੇਸ ਨੂੰ ਨਵੇਂ ਸਿਰੇ ਤੋਂ ਹੱਲ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਗਗਨੇਜਾ ਕੇਸ ਦੀ ਜਾਂਚ ਵੀ ਸੀਬੀਆਈ ਨੂੰ ਸੌਂਪੀ ਸੀ ਪਰ ਸੀਬੀਆਈ ਕਾਤਲਾਂ ਦਾ ਸੁਰਾਗ ਲਾਉਣ ਵਿੱਚ ਸਫ਼ਲ ਨਹੀਂ ਹੋ ਸਕੀ ਸੀ। ਹੁਣ ਪੰਜਾਬ ਪੁਲੀਸ ਨੇ ਵੱਡੇ ਰਾਜਨੀਤਕ ਕਤਲ ਦਾ ਮਾਮਲਾ ਹੱਲ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਸੂਬਾ ਪੁਲੀਸ ਅਹਿਮ ਮਸਲੇ ਹੱਲ ਕਰਨ ਦੇ ਸਮਰੱਥ ਹੈ।
ਪੰਜਾਬ ਪੁਲੀਸ ਮੁਖੀ ਸੁਰੇਸ਼ ਅਰੋੜਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ  ਲੁਧਿਆਣਾ ਪੁਲੀਸ ਅਧਿਕਾਰੀਆਂ ਨਾਲ ਬੈਠਕ ਦੀ ਤਸਦੀਕ ਕੀਤੀ।  ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਜਲਦੀ  ਹੱਲ ਕਰਨ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌੜ ਮੰਡੀ ਬੰਬ ਧਮਾਕੇ ਦਾ ਮਾਮਲਾ ਬਾਕੀ ਰਹਿ ਜਾਵੇਗਾ।

ਜੱਗੀ ਨੂੰ ਤਸੀਹੇ ਦੇਣ ਦੇ ਦੋਸ਼ਾਂ ਤੋਂ ਇਨਕਾਰ

ਕੈਨੇਡਾ ਦੇ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਹੋਰਾਂ ਵੱਲੋਂ ਬਰਤਾਨੀਆ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਤਸੀਹੇ ਦੇਣ ਦੇ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਪੁਲੀਸ ਨੇ ਕਿਹਾ ਹੈ ਕਿ ਕਾਨੂੰਨ ਅੁਨਸਾਰ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਆਪਣੇ ਵਕੀਲ ਜਗਪ੍ਰੀਤ ਸਿੰਘ ਚੱਢਾ ਨੂੰ 15 ਨਵੰਬਰ ਨੂੰ ਸਵੇਰੇ ਅੱਠ ਤੋਂ ਨੌਂ ਵਜੇ ਤਕ ਮਿਲਣ ਦਿੱਤਾ ਗਿਆ ਅਤੇ ਅਗਲੇ ਦਿਨ ਬਰਤਾਨੀਆ ਦੇ ਹਾਈ ਕਮਿਸ਼ਨਰ ਦੀ ਟੀਮ ਵੀ ਉਸ ਨੂੰ ਮਿਲ ਚੁੱਕੀ ਹੈ। ਇਸ ਦੇ ਨਾਲ ਪਰਿਵਾਰ ਮੈਂਬਰਾਂ ਨੇ ਵੀ ਮੁਲਾਕਾਤ ਕੀਤੀ ਹੈ। ਪੰਜਾਬ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਜੱਗੀ ਦੀ ਵਾਰਦਾਤਾਂ ’ਚ ਸ਼ਮੂਲੀਅਤ ਦੇ ਪੁਖਤਾ ਸਬੂਤ ਹਨ ਤੇ ਕਿਸੇ ਪੜਾਅ ’ਤੇ  ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਗਈ। ਬਰਤਾਨੀਆ ਦਾ ਚੰਡੀਗੜ੍ਹ ਵਿਚਲਾ ਉਪ ਹਾਈ ਕਮਿਸ਼ਨਰ ਦਾ ਦਫ਼ਤਰ ਡੀਜੀਪੀ ਦੇ ਸੰਪਰਕ ਵਿੱਚ ਹੈ।