ਨਵੀਂ ਦਿੱਲੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੰਗੀ ਮੁਆਫ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਨਾ ਸਿਰਫ ਕੇਜਰੀਵਾਲ ਦੇ ਰਾਜਸੀ ਅਨਾਡ਼ੀਪਣ ਦਾ ਪ੍ਰਗਟਾਵਾ ਕਰਦਾ ਹੈ ਸਗੋਂ ਉਸ ਦੇ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਣਹਾਨੀ ਮਾਮਲਿਆਂ ਦੇ ਭਾਰ ਨੂੰ ਘਟਾਉਣ ਦਾ ਬੇਲੋਡ਼ਾ ਯਤਨ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦੇਸ਼ ਵਿੱਚ ਅਗਲੀ ਸਰਕਾਰ ਕਾਂਗਰਸ ਹੀ ਬਣਾਏਗੀ। ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਹਮੇਸ਼ਾਂ ਹੀ ਇੱਧਰ ਉਧਰ ਟਪੂਸੀਆਂ ਮਾਰਦਾ ਰਿਹਾ ਹੈ। ਉਨ੍ਹਾਂ ਕਿਹਾ,‘ਮੈਨੂੰ ਨਹੀਂ ਪਤਾ ਕਿ ਉਸਨੇ ਮੁਆਫ਼ੀ ਕਿਉਂ ਮੰਗੀ ਹੈ ਪਰ ਇਸ ਤਰ੍ਹਾਂ ਦੀ ਕਾਰਜਸ਼ੈਲੀ ਦੀ ਇੱਕ ਮੁੱਖ ਮੰਤਰੀ ਕੋਲੋਂ ਆਸ ਨਹੀ ਕੀਤੀ ਜਾਂਦੀ ਤੇ ਇਸ ਵਿੱਚੋਂ ਉਸ ਦੇ ਅਨਾਡ਼ੀਪੁਣੇ ਦੀ ਝਲਕ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਅਲੱਗ ਥਲੱਗ ਪੈ ਕੇ ਕਾਰਜ ਨਹੀ ਕਰ ਸਕਦੀ ਪਰ ਕੇਜਰੀਵਾਲ ਬਿਲਕੁਲ ਅਲੱਗ-ਥਲੱਗ ਪੈ ਗਿਆ ਹੈ ਤੇ ‘ਆਪ’ ਸਾਰੇ ਰਾਜਾਂ ਵਿੱਚ ਆਧਾਰ ਗਵਾ ਚੁੱਕੀ ਹੈ। ਹੋ ਸਕਦਾ ਹੈ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਅਗਲੀਆਂ ਆਮ ਚੋਣਾਂ ਦੀ ਤਿਆਰੀ ਕਰਨ ਦੇ ਚੱਕਰ ਵਿੱਚ ਮੰਗੀ ਹੋਵੇ ਪਰ ਹੁਣ ਹਾਲਾਤ ਉਸ ਦੇ ਲਈ ਬੇਹੱਦ ਮਾਡ਼ੇ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੇ ਵਿਧਾਇਕ ਬੇਹੱਦ ਨਾਰਾਜ਼ ਹਨ।