ਮਾਂਟਰੀਆਲ — ਕੈਨੇਡਾ ਦੇ ਮਾਂਟਰੀਆਲ ‘ਚ ਸੋਮਵਾਰ ਦੀ ਸ਼ਾਮ ਨੂੰ ਗੋਲੀਬਾਰੀ ਹੋਈ, ਜਿਸ ਕਾਰਨ 29 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਮਾਂਟਰੀਆਲ ਦੇ ਰੋਸੇਮੋਂਟ-ਲਾ ਪੇਟਾਈਨ-ਪੈਟਰੀ ‘ਚ ਇਹ ਗੋਲੀਬਾਰੀ ਹੋਈ। ਮਾਂਟਰੀਆਲ ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਸ਼ਾਮ ਤਕਰੀਬਨ 7.45 ਵਜੇ ਗੋਲੀਆਂ ਮਾਰੀਆਂ ਗਈਆਂ, ਜਦੋਂ ਉਹ ਚਾਬੋਟ ਸਟਰੀਟ ਦੇ ਨੇੜੇ ਸੈਂਟ ਜ਼ੋਟਿਕਿਊ ਸਟਰੀਟ ਤੋਂ ਲੰਘ ਰਿਹਾ ਸੀ। 
ਪੁਲਸ ਦਾ ਕਹਿਣਾ ਹੈ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ੱਕੀ ਦੋਸ਼ੀ ਵਿਅਕਤੀ ਨੇ ਉਕਤ ਵਿਅਕਤੀ ਕੋਲ ਪਹੁੰਚ ਕੇ ਉਸ ‘ਤੇ ਕਈ ਗੋਲੀਆਂ ਚਲਾਈਆਂ। ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸ਼ੱਕੀ ਵਿਅਕਤੀ ਉੱਥੋਂ ਫਰਾਰ ਹੋਣ ‘ਚ ਸਫਲ ਹੋ ਗਿਆ। ਮਾਂਟਰੀਆਲ ਪੁਲਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਅਤੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਇਸ ਘਟਨਾ ਨੂੰ ਅੰਜ਼ਾਮ ਦੇਣ ਪਿੱਛੇ ਕੀ ਮੰਸ਼ਾ ਸੀ।