ਜਲੰਧਰ, 12 ਦਸੰਬਰ
ਬਰਨਾਲਾ ’ਚ ਇਸਤਰੀ ਅਕਾਲੀ ਦਲ ਦੀ ਉਪ-ਪ੍ਰਧਾਨ ਨੂੰ ਜ਼ਲੀਲ ਕਰਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਆਖਰਕਾਰ ਬੀਬੀ ਜਗੀਰ ਕੌਰ ਨੇ ਚੁੱਪੀ ਤੋੜੀ ਹੈ। ਘਟਨਾ ਤੋਂ 12  ਦਿਨਾਂ ਬਾਅਦ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਰਟੀ ਦੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਲੀਲ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸੱਤ ਦਿਨ ਦਾ ਅਲਟੀਮੇਟਮ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇ ਸੱਤ ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਸਤਰੀ ਅਕਾਲੀ ਦਲ ਕੌਮੀ ਮਹਿਲਾ ਕਮਿਸ਼ਨ ਤੱਕ ਪਹੁੰਚ ਕਰੇਗਾ।
ਜ਼ਿਕਰਯੋਗ ਹੈ ਕਿ ਤਪਾ ਮੰਡੀ ਦੀ ਰਹਿਣ ਵਾਲੀ ਜਸਵਿੰਦਰ ਕੌਰ ਸ਼ੇਰਗਿੱਲ ਨਾਲ 30 ਨਵੰਬਰ ਨੂੰ ਬਰਨਾਲਾ ਦੇ ਮੰਦਰ ’ਚ ਕੁੱਟਮਾਰ ਹੋਈ ਸੀ ਅਤੇ ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾਈ ਗਈ ਸੀ। ਪਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨਗਰ ਨਿਗਮ ਚੋਣਾਂ ਅਤੇ ਧਰਨਿਆਂ ’ਚ ਇੰਨੇ ਰੁੱਝੇ ਰਹੇ  ਕਿ ਆਪਣੇ ਹੀ ਵਿੰਗ ਦੀ ਉਪ-ਪ੍ਰਧਾਨ ਦਾ ਹਾਲ ਚਾਲ ਪੁੱਛਣ ਵੀ ਨਹੀਂ ਜਾ ਸਕੇ। ਬੀਬੀ ਜਗੀਰ ਕੌਰ ਨੇ ਮੰਨਿਆ ਵੀ ਕਿ ਉਨ੍ਹਾਂ ਨੂੰ ਪੀੜਤਾ ਦਾ ਫੋਨ ਆਇਆ ਸੀ ਪਰ ਉਹ ਸਿਆਸੀ ਸਰਗਰਮੀਆਂ ’ਚ ਰੁੱਝੇ ਹੋਏ ਸਨ ਅਤੇ ਉਨ੍ਹਾਂ ਨੂੰ ਲੱਗਿਆ ਸੀ ਕਿ ਸ਼ਾਇਦ ਪੁਲੀਸ ਮਾਮਲੇ ’ਚ ਸਖ਼ਤ ਕਾਰਵਾਈ ਕਰੇਗੀ।
ਬੀਬੀ ਜਗੀਰ ਕੌਰ ਨੇ ਅੱਜ ਕਿਹਾ ਕਿ ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਬੇਹੱਦ ਹਲਕੀਆਂ ਧਾਰਾਵਾਂ ਜੋੜੀਆਂ ਸਨ ਜਿਸ ਕਾਰਨ ਮੁਲਜ਼ਮਾਂ ਦੀ ਪਹਿਲਾਂ ਹੀ ਜ਼ਮਾਨਤ ਹੋ ਗਈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਪਹਿਲਾਂ ਹੀ ਢੁੱਕਵੀਂ ਕਾਰਵਾਈ ਕੀਤੀ ਹੁੰਦੀ ਤਾਂ ਜ਼ਮਾਨਤ ’ਤੇ ਬਾਹਰ ਆਏ ਮੁਲਜ਼ਮ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਜਸਵਿੰਦਰ ਕੌਰ ’ਤੇ ਹਮਲਾ ਕੀਤਾ ਗਿਆ ਉਸ ਤਹਿਤ ਦੋਸ਼ੀਆਂ ’ਤੇ 307 ਧਾਰਾ ਲੱਗਣੀ ਚਾਹੀਦੀ ਸੀ। ਜਗੀਰ ਕੌਰ ਨੇ ਕਿਹਾ ਕਿ ਸੂਬਾ ਪੱਧਰੀ ਮਹਿਲਾ ਕਮਿਸ਼ਨ ਭਲਕੇ ਜਸਵਿੰਦਰ ਕੌਰ ਕੋਲ ਜਾ ਕੇ ਮਾਮਲੇ ਦੀ ਘੋਖ ਕਰੇਗਾ।
ਉਨ੍ਹਾਂ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਸਰਕਾਰ ’ਚ ਔਰਤਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ।