ਬਠਿੰਡਾ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਹੁਣ ਪੰਜਾਬ ਵਿੱਚ ਪੰਜ ਸਤੰਬਰ ਤੋਂ ਮਹਾਂਯਾਤਰਾ ਸ਼ੁਰੂ ਕਰਨਗੇ, ਜਿਸ ਦਾ ਮੁੱਖ ਮਕਸਦ ਪੰਜਾਬ ਨੂੰ ਵਿਸ਼ੇਸ਼ ਦਰਜਾ ਦਿਵਾਉਣਾ ਹੋਵੇਗਾ। ਅਸਲ ਵਿੱਚ ਜਗਮੀਤ ਬਰਾੜ ਇਸ ਗੈਰਸਿਆਸੀ ਯਾਤਰਾ ਬਹਾਨੇ ਲੋਕਾਂ ਦਾ ਰੁਖ਼ ਜਾਣਨਗੇ। ਦੱਸਣਯੋਗ ਹੈ ਕਿ ਜਗਮੀਤ ਬਰਾੜ ਦੋ ਦਫ਼ਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਅਤੇ ਤ੍ਰਿਣਮੂਲ ਕਾਂਗਰਸ ’ਚੋਂ ਅਸਤੀਫ਼ਾ ਦੇਣ ਮਗਰੋਂ ਹੁਣ ਨਵੇਂ ਰਾਹਾਂ ਵੱਲ ਤੱਕ ਰਹੇ ਹਨ। ਉਨ੍ਹਾਂ ਕਾਂਗਰਸ ਵਿੱਚ ਸ਼ਮੂਲੀਅਤ ਬਾਰੇ ਪੁੱਛੇ ਜਾਣ ’ਤੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਏਨਾ ਜ਼ਰੂਰ ਆਖਿਆ ਕਿ ਉਹ ਜਿਸ ਸਿਆਸੀ ਧਿਰ ਨਾਲ ਵੀ ਖੜ੍ਹਨਗੇ, ਉਸ ਵੱਲੋਂ ਕਹੇ ਜਾਣ ’ਤੇ ਲੋਕ ਸਭਾ ਚੋਣ ਜ਼ਰੂਰ ਲੜਨਗੇ।
ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਨੂੰ ਕਿਸੇ ਵੇਲੇ ਆਵਾਜ਼-ਏ-ਪੰਜਾਬ ਨਾਲ ਪੁਕਾਰਿਆ ਜਾਂਦਾ ਸੀ ਪਰ ਹੁਣ ਉਨ੍ਹਾਂ ਦੀ ਸਿਆਸੀ ਆਵਾਜ਼ ਕੁਝ ਅਰਸੇ ਤੋਂ ਗੁਆਚੀ ਹੋਈ ਸੀ। ਉਹ ਮਹਾਂਯਾਤਰਾ ਬਹਾਨੇ ਹੁਣ ਮੁੜ ਆਪਣੀ ਸਰਗਰਮੀ ਵਿੱਢਣ ਦੇ ਮੂਡ ਵਿੱਚ ਹਨ। ਅੱਜ ਬਠਿੰਡਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮੀਤ ਬਰਾੜ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਪੰਜ ਸਤੰਬਰ ਨੂੰ ਮਹਾਂਯਾਤਰਾ ਸ਼ੁਰੂ ਕਰਨਗੇ ਜੋ ਨਿਰੋਲ ਰੂਪ ਵਿੱਚ ਗੈਰ ਸਿਆਸੀ ਹੋਵੇਗੀ। ਇਹ ਯਾਤਰਾ 6 ਸਤੰਬਰ ਨੂੰ ਦਮਦਮਾ ਸਾਹਿਬ ਪੁੱਜੇਗੀ। ਮਹਾਂਯਾਤਰਾ ਦਾ ਮੁੱਦਾ ਰਾਜ ’ਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਅਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਦਿਵਾਉਣਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਹੈ। ਉਂਜ, ਜਗਮੀਤ ਬਰਾੜ ਨੇ ਲੋਕ ਸਭਾ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ। ਅੱਜ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਰਣਦੀਪ ਸਿੰਘ ਨਾਭਾ ਦੀ ਪ੍ਰਸ਼ੰਸਾ ਜ਼ਰੂਰ ਕੀਤੀ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਸ੍ਰੀ ਬਰਾੜ ਨੇ ਆਖਿਆ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸ੍ਰੀ ਬਰਾੜ ਨੇ ਮਹਾਂਯਾਤਰਾ ਬਾਰੇ ਆਖਿਆ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟੀਚਾ ਨਹੀਂ ਬਣਾਉਣਗੇ। ਪੰਜਾਬ ਵਿੱਚ ਇਸ ਵੇਲੇ ਵਿਅਕਤੀ ਵਿਸ਼ੇਸ਼ ਨਾਲੋਂ ਮੁੱਦੇ ਵੱਡੇ ਹਨ। ਉਨ੍ਹਾਂ ਪੰਜਾਬ ‘ਚ ਨਸ਼ਿਆਂ ਦੇ ਪਾਸਾਰ, ਪ੍ਰਦੂਸ਼ਣ, ਖੇਤੀ ਸੰਕਟ, ਸਿਹਤ ਅਤੇ ਸਿੱਖਿਆ ਦੇ ਮਾਮਲਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਆਖਿਆ ਕਿ ਇਨ੍ਹਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਮਹਾਂਯਾਤਰਾ ਨਾਲ ਲੋਕ ਚੇਤਨਾ ਦਾ ਪਾਸਾਰ ਕੀਤਾ ਜਾਵੇਗਾ। ਬਰਾੜ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਸ਼ੇਸ਼ ਦਰਜਾ ਨਾ ਦੇ ਕੇ ਬੇਇਨਸਾਫ਼ੀ ਕੀਤੀ ਹੈ ਜਦੋਂਕਿ ਇਸ ਵਿਸ਼ੇਸ਼ ਦਰਜੇ ਲਈ ਪੰਜਾਬ ਸਭ ਸ਼ਰਤਾਂ ’ਤੇ ਖਰਾ ਉੱਤਰਦਾ ਹੈ। ਸਿਆਸੀ ਧਿਰਾਂ ਨੂੰ ਇਸ ਮਾਮਲੇ ‘ਤੇ ਇਕਸੁਰ ਹੋਣਾ ਚਾਹੀਦਾ ਹੈ। ਜਗਮੀਤ ਬਰਾੜ ਨੇ ਪੰਜਾਬ ਦੇ ਲੋਕਾਂ ਨੂੰ ਇਸ ਮਹਾਂਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਯਾਤਰਾ ਦਾ ਪਹਿਲਾ ਰਾਤਰੀ ਪੜਾਅ ਬਠਿੰਡਾ ਵਿੱਚ ਹੋਵੇਗਾ। ਇਸ ਮੌਕੇ ਸੀਨੀਅਰ ਆਗੂ ਬਲਤੇਜ ਸਿੰਘ ਵਾਂਦਰ, ਸੀਨੀਅਰ ਆਗੂ ਸਤਵੰਤ ਸਿੰਘ ਔਲਖ, ਅਜੈਬ ਸਿੰਘ ਰਿਟਾ. ਤਹਿਸੀਲਦਾਰ, ਐਡਵੋਕੇਟ ਜਗਜੀਤ ਸਿੰਘ ਆਦਿ ਹਾਜ਼ਰ ਸਨ।