ਮੁੰਬਈ : ਮਸ਼ਹੂਰ ਗਾਇਕ ਅਰਿਜੀਤ ਸਿੰਘ ਬਾਲੀਵੁੱਡ ਦੇ ਸਭ ਤੋਂ ਸਫਲ ਅਤੇ ਪ੍ਰਸਿੱਧ ਪਲੇਬੈਕ ਗਾਇਕਾਂ ਵਿੱਚੋਂ ਇੱਕ ਹਨ। ਇਸ ਵਿਚਾਲੇ ਹੀ ਉਨ੍ਹਾਂ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜਿਸਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਅਤੇ ਨਿਰਾਸ਼ ਕੀਤਾ ਹੈ। ਅਰਿਜੀਤ ਸਿੰਘ ਨੇ ਪਲੇਬੈਕ ਸਿੰਗਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਹੁਣ ਪਲੇਬੈਕ ਸਿੰਗਿੰਗ ਤੋਂ ਸੰਨਿਆਸ ਲੈ ਰਹੇ ਹਨ।
ਇੱਕ ਪੋਸਟ ਸਾਂਝੀ ਕਰਦੇ ਹੋਏ, ਅਰਿਜੀਤ ਸਿੰਘ ਨੇ ਲਿਖਿਆ, “ਨਮਸਤੇ, ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਸਾਲਾਂ ਤੋਂ ਸਰੋਤਿਆਂ ਵਜੋਂ ਮੈਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ।ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੁਣ ਤੋਂ, ਮੈਂ ਪਲੇਬੈਕ ਗਾਇਕ ਵਜੋਂ ਕੋਈ ਨਵਾਂ ਕੰਮ ਨਹੀਂ ਲਵਾਂਗਾ। ਮੈਂ ਇਸ ਪੇਸ਼ੇ ਨੂੰ ਖਤਮ ਕਰ ਰਿਹਾ ਹਾਂ। ਇਹ ਇੱਕ ਸ਼ਾਨਦਾਰ ਸਫ਼ਰ ਰਿਹਾ।” ਉਨ੍ਹਾਂ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ।
ਅਰਿਜੀਤ ਸਿੰਘ ਦਾ ਜਨਮ 25 ਅਪ੍ਰੈਲ, 1987 ਨੂੰ ਪੱਛਮੀ ਬੰਗਾਲ ਦੇ ਜੀਆਗੰਜ ਵਿੱਚ ਹੋਇਆ ਸੀ। ਉਸਦੀ ਮਾਂ ਇੱਕ ਸ਼ਾਸਤਰੀ ਗਾਇਕਾ ਸੀ ਅਤੇ ਉਸਦੀ ਮਾਸੀ ਇੱਕ ਤਬਲਾ ਵਾਦਕ , ਜਿਸ ਕਾਰਨ ਸੰਗੀਤ ਉਸਨੂੰ ਵਿਰਾਸਤ ਵਿੱਚ ਮਿਲਿਆ ਸੀ। ਉਸਨੇ ਛੋਟੀ ਉਮਰ ਵਿੱਚ ਹੀ ਸ਼ਾਸਤਰੀ ਸੰਗੀਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਅਰਿਜੀਤ ਸਿੰਘ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਨਾਵਾਂ ਵਿੱਚੋਂ ਇੱਕ ਹੈ। ਉਸਦੀ ਆਵਾਜ਼ ਨਾ ਸਿਰਫ਼ ਰੋਮਾਂਟਿਕ ਗੀਤਾਂ ਦਾ ਸਮਾਨਾਰਥੀ ਬਣ ਗਈ ਹੈ, ਸਗੋਂ ਉਸਨੇ ਆਪਣੇ ਸੂਫੀ ਅਤੇ ਦੇਸ਼ ਭਗਤੀ ਵਾਲੇ ਗੀਤਾਂ ਨਾਲ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਵੀ ਛੱਡੀ ਹੈ।
2013 ਦੀ ਫਿਲਮ “ਆਸ਼ਿਕੀ 2” ਦਾ ਗੀਤ “ਤੁਮ ਹੀ ਹੋ” ਅਰਿਜੀਤ ਸਿੰਘ ਦੇ ਕਰੀਅਰ ਵਿੱਚ ਇੱਕ ਮੋੜ ਸਾਬਤ ਹੋਇਆ। ਇਸ ਇੱਕਲੇ ਗੀਤ ਨੇ ਉਸਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ। ਇਸ ਤੋਂ ਬਾਅਦ “ਚਾਹੂ ਮੈਂ ਯਾ ਨਾ”, “ਰਾਬਤਾ”, “ਅਗਰ ਤੁਮ ਸਾਥ ਹੋ”, “ਗੇਰੂਆ” ਅਤੇ “ਐ ਦਿਲ ਹੈ ਮੁਸ਼ਕਿਲ” ਵਰਗੇ ਸੁਪਰਹਿੱਟ ਗੀਤਾਂ ਨੇ ਉਸ ਦੇ ਕਰੀਅਰ ਦੇ ਗ੍ਰਾਫ ਨੂੰ ਤੇਜ਼ੀ ਨਾਲ ਉੱਪਰ ਲੈ ਆਂਦਾ।














