ਵਾਸ਼ਿੰਗਟਨ— ਸੱਟ ਤੋਂ ਉੱਭਰ ਕੇ ਵਾਪਸੀ ਕਰ ਰਹੇ ਸਾਬਕਾ ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਰੋਮਾਨੀਆ ਦੇ ਮਾਰੀਅਸ ਕੋਪਿਲ ਨੂੰ ਹਰਾ ਕੇ ਸਿਟੀ ਓਪਨ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ। ਵਿਸ਼ਵ ਰੈਂਕਿੰਗ ‘ਚ ਫਿਲਹਾਲ 832ਵੇਂ ਸਥਾਨ ‘ਤੇ ਕਾਬਜ਼ ਮਰੇ ਨੇ ਇਸ ਏ.ਟੀ.ਪੀ. ਅਤੇ ਡਬਲਿਊ.ਟੀ.ਏ. ਪ੍ਰਤੀਯੋਗਿਤਾ ‘ਚ 93ਵੀਂ ਰੈਂਕਿੰਗ ਵਾਲੇ ਖਿਡਾਰੀ ਨੂੰ 6-7, 6-3, 7-6 ਨਾਲ ਹਰਾਇਆ।
ਤਿੰਨ ਗ੍ਰੈਂਡ ਸਲੈਮ ਖਿਤਾਬ ਦੇ ਜੇਤੂ ਮਰੇ ਮੀਂਹ ਨਾਲ ਪ੍ਰਭਾਵਿਤ ਇਸ ਮੈਚ ਦੇ ਪਹਿਲੇ ਸੈੱਟ ‘ਚ 5-0 ਨਾਲ ਅੱਗੇ ਸੀ ਪਰ ਉਨ੍ਹਾਂ ਲਗਾਤਾਰ 7 ਪੁਆਇੰਟ ਗੁਆ ਦਿੱਤੇ ਅਤੇ ਕੋਪਿਲ ਨੇ ਇਹ ਸੈੱਟ 7-6 ਨਾਲ ਆਪਣੇ ਨਾਂ ਕਰ ਲਿਆ। ਮਰੇ ਨੇ ਦੂਜੇ ਸੈੱਟ ‘ਚ ਆਸਾਨ 6-3 ਦੀ ਜਿੱਤ ਦਰਜ ਕੀਤੀ। ਤੀਜੇ ਸੈੱਟ ‘ਚ ਹਾਲਾਂਕਿ ਉਨ੍ਹਾਂ ਨੂੰ ਸਖਤ ਟੱਕਰ ਮਿਲੀ ਪਰ ਉਨ੍ਹਾਂ ਆਪਣੇ ਤਜਰਬੇ ਦਾ ਫਾਇਦਾ ਉਠਾ ਕੇ ਕੋਪਿਲ ਨੂੰ ਹਰਾਇਆ। ਸੱਜੇ ਚੂਲੇ ਦੇ ਆਪਰੇਸ਼ਨ ਦੇ 11 ਮਹੀਨਿਆਂ ਬਾਅਦ ਜੂਨ ‘ਚ ਕੋਰਟ ‘ਤੇ ਵਾਪਸੀ ਕਰਨ ਵਾਲੇ ਮਰੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰਨ ਦੇ ਲਈ ਆਸਟਰੇਲੀਆ ਦੇ 19 ਸਾਲਾ ਐਲੇਕਸ ਡਿ ਮਿਨੌਰ ਦੇ ਖਿਲਾਫ ਖੇਡਣਗੇ।