ਬੀਜਿੰਗ— ਵਿਸ਼ਵ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਨੇ ਝੇਨਝੇਨ ਓਪਨ ਦੇ ਕੁਆਰਟਰ ਫਾਈਨਲ ‘ਚ ਹਾਰ ਦੇ ਬਾਅਦ ਬੀਜਿੰਗ ‘ਚ ਹੋਣ ਵਾਲੇ ਚੀਨ ਓਪਨ ਤੋਂ ਨਾਂ ਵਾਪਸ ਲੈ ਲਿਆ ਜਿਸ ਨਾਲ ਇਹ ਉਸ ਦੇ ਸੈਸ਼ਨ ਦਾ ਆਖਰੀ ਮੈਚ ਸਾਬਤ ਹੋਇਆ। ਬ੍ਰਿਟੇਨ ਦਾ 31 ਸਾਲਾ ਇਹ ਖਿਡਾਰੀ ਇਸ ਸਾਲ ਜਨਵਰੀ ‘ਚ ਚੂਲੇ ਦੀ ਸਰਜਰੀ ਦੇ ਬਾਅਦ ਫਾਰਮ ਅਤੇ ਫਿੱਟਨੈਸ ਹਾਸਲ ਕਰਨ ਲਈ ਜੂਝ ਰਿਹਾ ਹੈ। ਬੀ.ਬੀ.ਸੀ. ਸਮੇਤ ਬ੍ਰਿਟਿਸ਼ ਮੀਡੀਆ ‘ਚ ਆਈਆਂ ਖਬਰਾਂ ਦੇ ਮੁਤਾਬਕ ਉਨ੍ਹਾਂ ਦਾ ਗਿੱਟਾ ਵੀ ਮਾਮੂਲੀ ਤੌਰ ‘ਤੇ ਸੱਟ ਦਾ ਸ਼ਿਕਾਰ ਹੈ।

ਵਿਸ਼ਵ ਰੈਂਕਿੰਗ ‘ਚ ਫਿਲਹਾਲ 311ਵੇਂ ਸਥਾਨ ‘ਤੇ ਕਾਬਜ ਮਰੇ ਨੇ ਪਹਿਲਾਂ ਕਿਹਾ ਸੀ ਕਿ ਇਸ ਹਫਤੇ ਦੇ ਅੰਤ ‘ਚ ਖੇਡਣਗੇ ਪਰ ਝੇਨਝੇਨ ਓਪਨ ‘ਚ ਸਪੇਨ ਦੇ ਧਾਕੜ ਫਰਨਾਂਡੋ ਵਰਡਾਸਕੋ ਤੋਂ 4-6, 4-6 ਨਾਲ ਹਾਰਨ ਦੇ ਬਾਅਦ ਉਨ੍ਹਾਂ ਨੇ ਚੀਨ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਅੰਤਿਮ 16 ਮੁਕਾਬਲੇ ‘ਚ ਚੋਟੀ ਦਾ ਦਰਜਾ ਪ੍ਰਾਪਤ ਡੇਵਿਡ ਗੋਫਿਨ ਨੂੰ ਸਿੱਧੇ ਸੈੱਟ ‘ਚ ਹਰਾਇਆ ਸੀ। ਤਿੰਨ ਵਾਰ ਗ੍ਰੈਂਡਸਲੈਮ ਜਿੱਤਣ ਵਾਲੇ ਇਸ ਖਿਡਾਰੀ ਨੇ ਕਿਹਾ,”ਇਸ ਮੈਚ ‘ਚ ਹਾਰਨ ਤੋਂ ਪਹਿਲਾਂ ਮੈਂ ਤਿੰਨ ਮੈਚਾਂ ‘ਚ ਜਿੱਤ ਦਰਜ ਕੀਤੀ ਸੀ, ਜੋ ਮੇਰੇ ਲਈ ਹਾਂ-ਪੱਖੀ ਰਿਹਾ। ਜ਼ਾਹਰ ਹੈ ਕਿ ਮੈਂ ਇਸ ਤੋਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਮੈਂ ਇਨ੍ਹਾਂ ਟੂਰਨਾਮੈਂਟਾਂ ‘ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੈਨੂੰ ਅਭਿਆਸ ਲਈ ਕੋਰਟ ਅਤੇ ਜਿਮ ‘ਚ ਜ਼ਿਆਦਾ ਸਮਾਂ ਦੇਣਾ ਹੋਵੇਗਾ ਤਾਂ ਜੋ ਸਰੀਰਕ ਤੌਰ ‘ਤੇ ਮੈਂ ਚੰਗਾ ਕਰ ਸਕਾਂ।”