ਮੁੰਬਈ, 26 ਜੁਲਾਈ
ਰਾਖਵੇਂਕਰਨ ਦੇ ਸਬੰਧ ਵਿੱਚ ਮਰਾਠਾ ਭਾਈਚਾਰੇ ਦੇ ਬੰਦ ਵਿੱਚ ਅੱਜ ਹਿੰਸਾ ਫੈਲ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਨਵੀਂ ਮੁੰਬਈ ਅਤੇ ਸਤਾਰਾ ਜ਼ਿਲ੍ਹੇ ਵਿੱਚ ਪੁਲੀਸ ਕਰਮੀਆਂ ’ਤੇ ਪੱਥਰ ਸੁੱਟੇ ਜਿਸ ਨਾਲ ਤਿੰਨ ਜਵਾਨ ਜ਼ਖ਼ਮੀ ਹੋ ਗਈ। ਇਸੇ ਦੌਰਾਨ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵੇਂਕਰਨ ਦੇ ਸਮਰਥਨ ਵਿੱਚ ਅੰਦੋਲਨ ਦੀ ਅਗਵਾਈ ਕਰ ਰਹੇ ‘ਮਰਾਠਾ ਕਰਾਂਤੀ ਮੋਰਚਾ’ ਨੇ ‘ਮੁੰਬਈ ਬੰਦ’ ਵਾਪਸ ਲੈ ਲਿਆ। ਮੁੰਬਈ ਵਿੱਚ ਸਵੇਰੇ ਸ਼ੁਰੂ ਹੋਇਆ ਬੰਦ ਵੱਖ ਵੱਖ ਥਾਵਾਂ ’ਤੇ ਹਿੰਸਾ ਹੋਣ ਤੋਂ ਬਾਅਦ ਤਿੰਨ ਵਜੇ ਤੋਂ ਪਹਿਲਾਂ ਵਾਪਸ ਲੈ ਲਿਆ ਗਿਆ। ਪੁਲੀਸ ਵੱਲੋਂ ਕਰੀਬ ਚਾਰ ਸੌ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਰਿਪੋਰਟਾਂ ਹਨ।
ਮੋਰਚੇ ਦੇ ਨੇਤਾ ਵਿਰੇਂਦਰ ਪਵਾਰ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਸਿਰਫ਼ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਕੱਠੇ ਹਾਂ ਅਤੇ ਅਸੀਂ ਇਸ ਨੂੰ ਸਾਬਤ ਵੀ ਕਰ ਦਿੱਤਾ ਹੈ। ਅਸੀਂ ਪ੍ਰਦਰਸ਼ਨਾਂ ਨੂੰ ਹਿੰਸਕ ਬਣਦੇ ਹੋਏ ਨਹੀਂ ਦੇਖਣਾ ਚਾਹੁੰਦੇ ਅਤੇ ਇਸ ਲਈ ਅਸੀਂ ਅੱਜ ਲਈ ਮੁੰਬਈ ਵਿੱਚ ਆਪਣਾ ਬੰਦ ਵਾਪਸ ਲੈਂਦੇ ਹਾਂ।’’ ਇਸ ਮੋਰਚੇ ਦੇ ਇਕ ਹੋਰ ਨੇਤਾ ਨੇ ਕਿਹਾ ਕਿ ਨੌਂ ਅਗਸਤ ਨੂੰ ਇਕ ਵਾਰ ਫਿਰ ਬੰਦ ਦਾ ਐਲਾਨ ਕੀਤਾ ਜਾ ਸਕਦਾ ਹੈ। ਲੇਕਿਨ ਇਸ ਸਬੰਧ ਵਿੱਚ ਅੰਤਿਮ ਫੈਸਲਾ ਸਾਰੇ ਮਰਾਠੀ ਸੰਗਠਨ ਸਲਾਹ ਮਸ਼ਵਰੇ ਤੋਂ ਬਾਅਦ ਕਰਨਗੇ। ਦੂਜੇ ਪਾਸੇ, ਇਕ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਜਵਾਬੀ ਕਾਰਵਾਈ ਵਿੱਚ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ, ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਅਤੇ ਆਸੂ ਗੈਸ ਦੇ ਗੋਲੇ ਦਾਗੇ। ਉਨ੍ਹਾਂ ਕਿਹਾ ਕਿ ਸਤਾਰਾ ਦੇ ਪੁਲੀਸ ਮੁਖੀ ਸੰਦੀਪ ਪਾਟਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਕਲੰਬੋਲੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਮੁੰਬਈ-ਗੋਆ ਅਤੇ ਮੁੰਬਈ-ਪੁਣੇ ਰਾਜ ਮਾਰਗਾਂ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਕੁਝ ਲੋਕਾਂ ਨੇ ਪੁਲੀਸ ਕਰਮੀਆਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਜਿਸ ਵਿੱਚ ਦੋ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਖੇਤਰ ਵਿੱਚ ਦੋ ਪੁਲੀਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਮੌਕੇ ’ਤੇ ਹੋਰ ਪੁਲੀਸ ਬਲ ਬੁਲਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਵਾਸ਼ੀ, ਖਾਰਘਰ, ਕਲੰਬੋਲੀ ਅਤੇ ਪਲਾਸਪੇ ਵਿੱਚ ਪ੍ਰਦਰਸ਼ਨਾਂ ਕਾਰਨ ਮੁੰਬਈ ਤੋਂ ਪੁਣੇ ਜਾਣ ਦੀ ਆਵਾਜਾਈ ਪ੍ਰਭਾਵਿਤ ਹੋਈ। ਇਸੇ ਦੌਰਾਨ ਪੁਲੀਸ ਨੇ ਬਾਂਬੇ ਰੈਸਟੋਰੈਂਟ ਚੌਕ ’ਤੇ ਮੁੰਬਈ-ਬੰਗਲੁਰੂ ਰਾਜਮਾਰਗ ਰੋਕਣ ਅਤੇ ਪੁਲੀਸ ’ਤੇ ਪਥਰਾਅ ਕਰਨ ਵਾਲੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਤਾਰਾ ’ਚ ਪ੍ਰਦਰਸ਼ਨਕਾਰੀਆਂ ਨੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸੇ ਵਿੱਚ ਠਾਣੇ ਅਤੇ ਵਾਸ਼ੀ ਵਿੱਚ ਟ੍ਰੇਨ ਸੇਵਾ ਦੁਪਹਿਰ ਤੱਕ ਪ੍ਰਭਾਵਿਤ ਰਹੀ।  ਇਕ ਅਧਿਕਾਰੀ ਨੇ ਦੱਸਿਆ ਕਿ ਠਾਣੇ ਸ਼ਹਿਰ ਦੇ ਮਾਜੀਵਾੜਾ ਵਿੱਚ ਕੁਝ ਅੰਦੋਲਨਕਾਰੀਆਂ ਨੇ ਟਾਇਰ ਸਾੜੇ। ਵੇਸਟਰਨ ਐਕਸਪ੍ਰੈਸ ਹਾਈਵੇਅ ’ਤੇ ਟੈ੍ਫਿਕ ਜਾਮ ਰਿਹਾ। ਉਧਰ ਓਰੰਗਾਬਾਦ ਵਿੱਚ ਕੱਲ੍ਹ ਰਾਖਵੇਂਕਰਨ ਦੇ ਸਮਰਥਨ ਵਿੱਚ ਜ਼ਹਿਰ ਪੀਣ ਵਾਲੇ ਜਗਨਨਾਥ ਸੋਨਾਵਾਲੇ ਦੀ ਅੱਜ ਹਸਪਤਾਲ ’ਚ ਮੌਤ ਹੋ ਗਈ।