ਅੰਮ੍ਰਿਤਸਰ, 4 ਮਾਰਚ
ਇੱਥੋਂ ਦੇ ਕਾਲੇ ਘਨੂੰਪੁਰ ਦੇ ਕੁੱਝ ਹਸਦੇ ਵਸਦੇ ਪਰਿਵਾਰਾਂ ਉੱਤੇ ਹੋਲੀ ਵਾਲੇ ਦਿਨ ਬਿਪਤਾ ਆ ਪਈ ਤੇ ਅੱਠ ਵਿਅਕਤੀ ਕੱਲ੍ਹ ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਹਨ ਖੱਡ ਵਿੱਚ ਡਿਗਣ ਕਾਰਨ ਮਾਰੇ ਗਏ ਹਨ। ਇਹ ਸਾਰੇ ਮਨੀਕਰਨ ਮੱਥਾ ਟੇਕਣ ਗਏ ਸਨ। ਹਾਦਸੇ ਵਿੱਚ ਹਲਾਕ ਅੱਠ ਨੌਜਵਾਨਾਂ ਵਿੱਚੋਂ ਛੇ ਕਾਲੇ ਘਨੂੰਪੁਰ ਆਬਾਦੀ ਨਾਲ ਸਬੰਧਤ, ਇੱਕ ਰਾਜਾਸਾਂਸੀ ਅਤੇ ਇੱਕ ਪਿੰਡ ਬੋਪਾਰਾਏ ਦਾ ਵਾਸੀ ਹੈ। ਇਹ ਸਾਰੇ ਮੰਗਲਵਾਰ ਨੂੰ ਇੱਕ ਇਨੋਵਾ ਵਿੱਚ ਸਵਾਰ ਹੋ ਕੇ ਮਨੀਕਰਨ ਗਏ ਸਨ ਅਤੇ ਬੀਤੇ ਦਿਨ ਘਰਾਂ ਨੂੰ ਪਰਤ ਰਹੇ ਸਨ ਕਿ ਬਿਲਾਸਪੁਰ ਨੇੜੇ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਗੁਰਵਿੰਦਰ ਸਿੰਘ (35), ਜਸਬੀਰ ਸਿੰਘ (28), ਦਵਿੰਦਰ ਸਿੰਘ (30), ਬਲਜੀਤ ਸਿੰਘ (19), ਲਵਪ੍ਰੀਤ ਸਿੰਘ (20), ਕੰਵਲਪ੍ਰੀਤ ਸਿੰਘ (18) ਸਾਰੇ ਵਾਸੀ ਕਾਲੇ ਘਨੂੰਪੁਰ, ਮਨਦੀਪ ਸਿੰਘ (25) ਪਿੰਡ ਬੋਪਾਰਾਏ ਅਤੇ ਕੰਵਲਜੀਤ ਸਿੰਘ (25) ਵਾਸੀ ਰਾਜਾਸਾਂਸੀ ਸ਼ਾਮਲ ਹਨ। ਇਨ੍ਹਾਂ ਦੇ ਨਾਲ ਗਿਆ ਇੱਕ ਵਿਅਕਤੀ ਸੁਖਦੀਪ ਸਿੰਘ ਇਸ ਹਾਦਸੇ ਵਿੱਚ ਬਚ ਗਿਆ ਹੈ, ਜੋ ਹਸਪਤਾਲ ਵਿੱਚ ਦਾਖ਼ਲ ਹੈ।
ਹੋਲੀ ਮੌਕੇ ਜਿਵੇਂ ਹੀ ਇਸ ਸੜਕ ਹਾਦਸੇ ਦੀ ਖ਼ਬਰ ਇੱਥੇ ਪੁੱਜੀ ਤਾਂ ਸਬੰਧਤ ਘਰਾਂ ਵਿੱਚ ਵਿਰਲਾਪ ਸ਼ੁਰੂ ਹੋ ਗਿਆ। ਦੇਰ ਸ਼ਾਮ ਨੂੰ ਲਾਸ਼ਾਂ ਪੁੱਜ ਗਈਆਂ ਸਨ, ਜਿਨ੍ਹਾਂ ਦਾ ਰਾਤ ਨੂੰ ਹੀ ਸਸਕਾਰ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਸ਼ਾਮਲ ਕੰਵਲਪ੍ਰੀਤ ਸਿੰਘ ਆਪਣੇ ਘਰ ਵਿੱਚ ਇਕੱਲਾ ਹੀ ਕਮਾਊ ਸੀ। ਉਸ ਦੇ ਪਿਤਾ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਵਿੱਚ ਹੁਣ ਇਸ ਦੂਜੀ ਮੌਤ ਮਗਰੋਂ ਉਸ ਦੀ ਮਾਂ ਪਰਮਜੀਤ ਕੌਰ ਅਤੇ ਭੈਣ ਮਨਦੀਪ ਕੌਰ ਦਾ ਹਾਲ ਮੰਦਾ ਸੀ। ਇਸ ਘਟਨਾ ਵਿੱਚ ਜ਼ਖਮੀ ਹੋਏ ਸੁਖਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਿਸ ਇਨੋਵਾ ਕਾਰ ਵਿੱਚ ਉਹ ਯਾਤਰਾ ਕਰ ਰਹੇ ਸਨ, ਦੀ ਬਰੇਕ ਫੇਲ੍ਹ ਹੋ ਗਈ ਅਤੇ ਕਾਰ ਖੱਡ ਵਿੱਚ ਜਾ ਡਿੱਗੀ। ਲੋਕਾਂ ਨੇ ਹੀ ਹਿਮਾਚਲ ਪੁਲੀਸ ਨੂੰ ਸੂਚਿਤ ਕੀਤਾ, ਜਿਸ ਨੇ ਇਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ।
ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਪਣੇ ਕੁੱਝ ਸਾਥੀਆਂ ਸਮੇਤ ਪੀੜਤ ਪਰਿਵਾਰਾਂ ਕੋਲ ਜਾ ਕੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਸਰਕਾਰ ਵਲੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਅਤੇ ਪੰਜਾਬ ਸਰਕਾਰ ਵੱਲੋਂ ਦੋ ਲੱਖ ਰੁਪਏ ਦਿੱਤੇ ਜਾਣਗੇ। ਤੁਰੰਤ ਮੱਦਦ ਵਾਸਤੇ ਉਨ੍ਹਾਂ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਨੀਕਰਨ ਗਏ ਇਨ੍ਹਾਂ ਅੱਠ ਵਿਅਕਤੀਆਂ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।