ਲੰਬੀ, 22 ਮਈ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਣੀਆਂ ਵਿੱਚ ਜ਼ਹਿਰ ਘੁਲਣ ਲਈ ਕੈਪਟਨ ਸਰਕਾਰ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਹਿਰਦਤਾ ਨਾਲ ਯਤਨ ਕਰਨ ਤਾਂ ਗੰਦੇ ਪਾਣੀ ਦਾ ਮਸਲਾ ਹਫ਼ਤੇ ਅੰਦਰ ਹੱਲ ਹੋ ਸਕਦਾ ਹੈ, ਪਰ ਕੈਪਟਨ ਨੂੰ ਮਨਾਲੀ ਵਿੱਚ ਜਸ਼ਨ ਮਨਾਉਣ ਤੋਂ ਵਿਹਲ ਨਹੀਂ ਮਿਲ ਰਹੀ। ਸਾਬਕਾ ਮੁੱਖ ਮੰਤਰੀ ਪਿੰਡ ਮਹਿਣਾ ਅਤੇ ਖਿਓਵਾਲੀ ਵਿੱਚ ਕੈਂਸਰ ਅਤੇ ਹੋਰ ਬਿਮਾਰੀਆਂ ਕਾਰਨ ਹੋਈਆਂ ਮੌਤਾਂ ’ਤੇ ਸੋਗ ਪ੍ਰਗਟ ਕਰਨ ਪੁੱਜੇ ਸਨ।
ਸ੍ਰੀ ਬਾਦਲ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਵਿੱਚ ਕਿਹਾ, ‘‘ਇਸ ਉਮਰੇ ਜਨਮ ਦਿਨ ਨਹੀਂ, ਲੋਕਾਂ ਪ੍ਰਤੀ ਬਣਦੇ ਫਰਜ਼ ਨਿਭਾਉਣੇ ਚਾਹੀਦੇ ਹਨ।’’ ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਦੀ ਸਵੱਛ ਨਹਿਰੀ ਪਾਣੀ ਬਾਰੇ ਕਾਰਗੁਜ਼ਾਰੀ ’ਤੇ ਗੱਲ ਕਰਦਿਆਂ ਕਿਹਾ ਕਿ ਉਦੋਂ ਮੁੱਖ ਸਕੱਤਰਾਂ ’ਤੇ ਆਧਾਰਿਤ ਕਮੇਟੀ ਬਣਾਈ ਗਈ ਸੀ ਤੇ ਉਨ੍ਹਾਂ (ਬਾਦਲ) ਦੀ ਅਗਵਾਈ ਵਿੱਚ ਕਮੇਟੀ ਹਰ ਹਫ਼ਤੇ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋਣ ਵਾਲੇ ਪਾਣੀ ਦੀ ਪਰਖ ਕਰਦੀ ਸੀ। ਹੁਣ ਪੰਜਾਬ ਵਿੱਚ ਜ਼ਹਿਰੀ ਅਤੇ ਕਾਲੇ ਹੋਏ ਨਹਿਰੀ ਪਾਣੀ ਕਾਰਨ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲ ਦੇ ਆਧਾਰ ’ਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਹਲਕਾ ਸ਼ਾਹਕੋਟ ਦੇ ਵੋਟਰਾਂ ਨੂੰ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪੰਚਾਇਤ ਸਮਿਤੀ ਲੰਬੀ ਦੇ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਓਐੱਸਡੀ ਗੁਰਚਰਨ ਸਿੰਘ, ਬਲਕਰਨ ਸਿੰਘ, ਗੋਲਡੀ ਅਬੁਲਖੁਰਾਣਾ ਤੇ ਸਾਬਕਾ ਸਰਪੰਚ ਸਤਵੀਰ ਸਿੰਘ ਖਿਓਵਾਲੀ ਆਦਿ ਹਾਜ਼ਰ ਸਨ।