ਦੁਬਈ ਵਿਚ ਫਸੇ 23 ਭਾਰਤੀਆਂ ਨੂੰ ਘਰ ਵਾਪਸੀ ਲਈ ਵੀਜ਼ੇ ਮਿਲੇ
ਨਵੀਂ ਦਿੱਲੀ, 9 ਅਕਤੂਬਰ : ਭਾਰਤ ਸਰਕਾਰ ਨੇ ਟਰੈਵਲ ਏਜੰਟਾਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਮਗਰੋਂ ਦੁਬਈ ਵਿਚ ਫਸੇ 23 ਭਾਰਤੀਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ ਜਿਸ ਸਦਕਾ ਹੁਣ ਉਹ ਵਾਪਸ ਘਰ ਪਰਤ ਸਕਣਗੇ। ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਚੁੱਕਿਆ ਸੀ।
ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਦੁਬਈ ਵਿਚ ਭਾਰਤੀ ਅੰਬੈਂਸੀ ਨੇ ਬਹੁਤੇ ਭਾਰਤੀਆਂ ਦੇ ਪਾਸਪੋਰਟ ‘ਤੇ ਵੀਜ਼ਾ ਮੋਹਰਾਂ ਲਗਾ ਦਿੱਤੀਆਂ ਹਨ ਤੇ ਕੰਪਨੀ ਨੇ ਹੁਣ ਵਰਕਰਾਂ ਦੀ ਇੱਛਾ ਮੁਤਾਬਕ ਉਹਨਾਂ ਨੂੰ 1 ਤੋਂ 2 ਮਹੀਨੇ ਦੀ ਛੁੱਟੀ ਦੇਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਵਿਮਲ ਨਾਮ ਦਾ ਇਕ ਵਿਅਕਤੀ ਅੱਜ ਘਰ ਵਾਪਸੀ ਲਈ ਰਵਾਨਾ ਵੀ ਹੋ ਗਿਆ ਹੈ ਜਦਕਿ ਬਾਕੀ ਵੀ ਜਲਦ ਹੀ ਘਰ ਪਰਤਣਗੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਉਹਨਾਂ ਨੇ ਮਾਮਲਾ ਸ੍ਰੀਮਤੀ ਸਵਰਾਜ ਕੋਲ ਉਠਾਇਆ ਸੀ ਤੇ ਉਹਨਾਂ ਦੇ ਮੰਤਰਾਲੇ ਨੇ ਤੇਜ਼ੀ ਨਾਲ ਇਸ ‘ਤੇ ਕਾਰਵਾਈ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਵਿਅਕਤੀ ਬਿਨਾਂ ਕਿਸੇ ਗਲਤੀ ਜਾਂ ਅਪਰਾਧ ਦੇ ਦੁਬਈ ਦੀਆਂ ਜੇਲ•ਾਂ ਵਿਚ ਕੈਦ ਸਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਤੋਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ। ਉਹਨਾਂ ਦੱਸਿਆ ਕਿ ਇਹ ਵਿਅਕਤੀ ਜੇਲ• ਵਿਚ ਬੰਦ ਸਨ ਜਦਕਿ ਪਾਸਪੋਰਟ ਇਹਨਾਂ ਦੀ ਕੰਪਨੀ ਕੋਲ ਸਂ। ਭਾਰਤੀ ਸਫਾਰਤਖਾਨੇ ਨੇ ਫੁਰਤੀ ਵਿਖਾਉਂਦਿਆਂ ਇਹਨਾਂ ਦੇ ਪਾਸਪੋਰਟ ਵੀ ਦੁਆਏ ਤੇ ਵੀਜ਼ੇ ਵੀ ਦੇ ਦਿੱਤੇ ਹਨ।
ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਦੁਬਈ ਵਿਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਸ ਉਦਾਰ ਦਿਲ ਫੈਸਲੇ ਦੀ ਬਦੌਲਤ ਹੁਣ ਇਹ ਨੌਜਵਾਨ ਘਰਾਂ ਨੂੰ ਪਰਤ ਸਕਣਗੇ। ਉਹਨਾਂ ਦੱਸਿਆ ਕਿ ਭਾਵੇਂ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ ਕਿ ਸਿਰਫ ਕਾਨੂੰਨੀ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਕੋਲ ਹੀ ਜਾਓ ਇਸਦੇ ਬਾਵਜੂਦ ਵੀ ਲੋਕ ਗੈਰ ਕਾਨੂੰਨੀ ਏਜੰਟਾਂ ਕੋਲ ਫਸਣ ਦੀ ਗਲਤੀ ਕਰ ਲੈਂਦੇ ਹਨ ਤੇ ਫੇਰ ਮੁਸ਼ਕਿਲਾਂ ਵਿਚ ਫਸ ਜਾਂਦੇ ਹਨ। ਉਹਨਾਂ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਹੋਣ ਤੇ ਸਿਰਫ ਸਬੰਧਤ ਅਧਿਕਾਰੀਆਂ ਕੋਲੋਂ ਪ੍ਰਵਾਨਤ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਬਣਾਉਣ।