ਐਸਏਐਸ ਨਗਰ (ਮੁਹਾਲੀ),
ਇੱਥੇ ਮਟੌਰ ਥਾਣੇ ਦੀ ਹਵਾਲਾਤ ਵਿੱਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵੀਨ ਕੁਮਾਰ (30) ਵਾਸੀ ਪਿੰਡ ਖਮੇੜਾ (ਸ੍ਰੀ ਆਨੰਦਪੁਰ ਸਾਹਿਬ) ਵਜੋਂ ਹੋਈ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਨੌਜਵਾਨ ਨੇ ਰਜ਼ਾਈ ਦੇ ਕੱਪੜੇ ਨਾਲ ਫ਼ਾਹਾ ਲਿਆ ਹੈ। ਐਸਐਸਪੀ ਦੀ ਸੂਚਨਾ ’ਤੇ ਡਿਪਟੀ ਕਮਿਸ਼ਨਰ ਨੇ ਐਸਡੀਐਮ ਨੂੰ ਪ੍ਰਸ਼ਾਸਨਿਕ ਜਾਂਚ ਲਈ ਕਿਹਾ ਸੀ, ਪਰ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਸ਼ਾਮ ਇਥੇ ਫੇਜ਼-7 ਦੀ ਮਾਰਕੀਟ ਵਿੱਚ ਪ੍ਰਵੀਨ ਕੁਮਾਰ ਦਾ ਮਨੋਜ ਕੁਮਾਰ ਨਾਲ ਝਗੜਾ ਹੋਇਆ ਸੀ। ਝਗੜੇ ਵਿੱਚ ਪ੍ਰਵੀਨ ਨੇ ਮਨੋਜ ’ਤੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਡਾਕਟਰਾਂ ਅਨੁਸਾਰ ਮਨੋਜ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਦੱਸਿਆ ਗਿਆ ਹੈ ਕਿ ਮਨੋਜ ਮੁਹਾਲੀ ਦੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਹ ਲੜਕੀ ਪ੍ਰਵੀਨ ਦੀ ਜਾਣਕਾਰ ਸੀ। ਪ੍ਰਵੀਨ ਨੇ ਮਨੋਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਬਾਜ ਨਾ ਆਇਆ ਤਾਂ ਉਸ ਨੇ ਮਨੋਜ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਾਰਕੀਟ ਵਿੱਚ ਮੌਜੂਦ ਲੋਕਾਂ ਨੇ ਪ੍ਰਵੀਨ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਅੱਜ ਸਵੇਰੇ ਤੜਕੇ ਕਰੀਬ 5 ਵਜੇ ਉਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਸਰਕਾਰੀ ਹਸਪਤਾਲ ਵਿੱਚ ਨਿਆਂਇਕ ਅਧਿਕਾਰੀ ਦੀ ਮੌਜੂਦਗੀ ਵਿੱਚ ਚਾਰ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਲਾਸ਼ ਦਾ ਪੋਸਟ ਮਾਰਟਮ ਕੀਤਾ।
ਮਟੌਰ ਥਾਣੇ ਦੇ ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਨੇ ਹਵਾਲਾਤ ਵਿੱਚ ਰਜ਼ਾਈ ਦੇ ਕੱਪੜੇ ਦੀ ਕੰਨੀ ਫਾੜ ਕੇ ਉਸ ਨਾਲ ਫਾਹਾ ਲੈ ਲਿਆ। ਮ੍ਰਿਤਕ ਦੇ ਭਰਾ ਪਰਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਪ੍ਰਵੀਨ ਨੂੰ ਹਿਰਾਸਤ ਵਿੱਚ ਲੈਣ ਬਾਰੇ ਕੋਈ ਇਤਲਾਹ ਨਹੀਂ ਭੇਜੀ। ਇਸ ਦੌਰਾਨ ਜਾਂਚ ਅਧਿਕਾਰੀ ਜੁਡੀਸ਼ਲ ਮੈਜਿਸਟਰੇਟ ਹਰਪ੍ਰੀਤ ਸਿੰਘ ਨੇ ਮਟੌਰ ਥਾਣੇ ਦਾ ਦੌਰਾ ਕਰਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਅਤੇ ਥਾਣੇ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ। ਉਧਰ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ।