ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
ਅਕਾਲੀ ਦਲ ਦੀ ਕਾਨਫਰੰਸ ਮੌਕੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਇਮ ਕੀਤੀਆਂ ਚਾਰ ਕਮਿਸ਼ਨਾਂ-ਜਸਟਿਸ ਮਹਿਤਾਬ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਟੀ. ਹੱਕ ਕਮਿਸ਼ਨ ਤੇ ਜਸਟਿਸ ਨਾਰੰਗ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਸਲ ਵਿੱਚ ਇਹ ਕਮਿਸ਼ਨ ਉਸੇ ਤਰ੍ਹਾਂ ਦੀ ਰਿਪੋਰਟ ਹੀ ਤਿਆਰ ਕਰਦੇ ਹਨ, ਜਿਸ ਤਰ੍ਹਾਂ ਦੀ ਮੁੱਖ ਮੰਤਰੀ ਵੱਲੋਂ ਇੱਛਾ ਜ਼ਾਹਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਿਰਫ਼ ਕਾਂਗਰਸੀਆਂ ’ਤੇ ਦਰਜ ਹੋਏ ਪਰਚੇ ਹੀ ਦਿਸਦੇ ਹਨ, ਜਦਕਿ ਅਕਾਲੀਆਂ ’ਤੇ ਹੋਣ ਵਾਲਾ ਕੋਈ ਪਰਚਾ ਕਮਿਸ਼ਨ ਨੇ ਨਹੀਂ ਵੇਖਿਆ।
ਉਨ੍ਹਾਂ ਬੇਅਦਬੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਮਹਿਤਾਬ ਸਿੰਘ ਨੂੰ ਵੀ ਕਾਂਗਰਸੀ ਦੱਸਦਿਆਂ ਕਿਹਾ ਕਿ ਇਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਅਨੁਸਾਰ ਚੱਲ ਰਹੇ ਹਨ। ਨਾਰੰਗ ਕਮਿਸ਼ਨ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਦਿੱਤੀ ਗਈ ਕਲੀਨ ਚਿੱਟ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਵਿਵਾਦਿਤ ਠੇਕੇਦਾਰ ਗੁਰਿੰਦਰ ਸਿੰਘ ਤੋਂ ਲਏ ਪੰਜ ਕਰੋੜ ਰੁਪਏ ਜਾਂਚ ਵਿੱਚ ਸ਼ਾਮਲ ਹੀ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਟੀ ਹੱਕ ਕਮਿਸ਼ਨ ਨੇ ਵੀ ਟੇਢੇ ਢੰਗ ਨਾਲ ਸਰਕਾਰ ਦਾ ਖਜ਼ਾਨਾ ਭਰਨ ਲਈ ਕਿਸਾਨਾਂ ਦਾ ਗੱਲਾ ਘੁੱਟਣ ਦਾ ਕੰਮ ਕੀਤਾ ਹੈ।
ਕਮਿਸ਼ਨਾਂ ਦੀ ਕਾਰਵਾਈ ਤੋਂ ਅਕਾਲੀ ਦਲ ਘਬਰਾਇਆ: ਮਨਪ੍ਰੀਤ
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਕਮਿਸ਼ਨ ਹਾਈ ਕੋਰਟ ਦੇ ਸੀਨੀਅਰ ਸਾਬਕਾ ਜੱਜਾਂ ’ਤੇ ਆਧਾਰਿਤ ਬਣਾਏ ਗਏ ਹਨ। ਉਨ੍ਹਾਂ ਜੱਜਾਂ ਦਾ ਰਿਕਾਰਡ ਵੀ ਸਾਫ਼ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਾਂ ਦੀ ਕਾਰਵਾਈ ਤੋਂ ਅਕਾਲੀ ਦਲ ਘਬਰਾ ਗਿਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਪੜਤਾਲ ’ਚ ਉਹ ਕਾਨੂੰਨੀ ਸ਼ਿਕੰਜੇ ਵਿੱਚ ਫ਼ਸ ਰਹੇ ਹਨ। ਇਸ ਲਈ ਹੁਣ ਪੜਤਾਲੀਆ ਕਮਿਸ਼ਨਾਂ ’ਤੇ ਝੂਠੇ ਦੋਸ਼ ਮੜ੍ਹ ਰਹੇ ਹਨ।