ਐਸ.ਏ.ਐਸ. ਨਗਰ (ਮੁਹਾਲੀ), ਆਮ ਆਦਮੀ ਪਾਰਟੀ (‘ਆਪ’) ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਜਨਤਕ ਮੁਆਫ਼ੀ ਮੰਗਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਉਥਲ-ਪੁਥਲ ਮੱਚ ਗਈ ਹੈ। ਅਦਾਲਤੀ ਕੇਸ ਤੋਂ ਨਿਜਾਤ ਪਾਉਣ ਲਈ ਕੇਜਰੀਵਾਲ ਨੇ ਨਾ ਸਿਰਫ਼ ਅਕਾਲੀ ਆਗੂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ ਸਗੋਂ ਮਜੀਠੀਆ ਤੇ ਹੋਰਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਾੳੁਣ ਲਈ ਅਫ਼ਸੋਸ ਜ਼ਾਹਰ ਕੀਤਾ ਹੈ।
ਉਧਰ, ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਅਨੁਸਾਰ ਮਜੀਠੀਆ ਤੋਂ ਮੁਆਫ਼ੀ ਮੰਗਣ ਲਈ ਅਕਾਲੀਆਂ ਨੇ ‘ਆਪ’ ਸੁਪਰੀਮੋ ’ਤੇ ਦਬਾਅ ਬਣਾਇਆ ਸੀ। ਮੁਆਫ਼ੀਨਾਮੇ ਤੋਂ ਪਹਿਲਾਂ ਅਕਾਲੀ ਆਗੂਆਂ ਨੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨਾਲ ਦੋ-ਤਿੰਨ ਮੀਟਿੰਗਾਂ ਕੀਤੀਆਂ ਸਨ। ਇਨ੍ਹਾਂ ਮੀਟਿੰਗਾਂ ਵਿੱਚ ਡਰੱਗ ਤਸਕਰੀ ਮਾਮਲੇ ਵਿੱਚ ਮਜੀਠੀਆ ਤੋਂ ਮੁਆਫ਼ੀ ਮੰਗਣ ਸਬੰਧੀ ਗਰਾੳੂਂਡ ਤਿਆਰ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਖ਼ੁਦ ਇੱਕ ਸੀਨੀਅਰ ਅਕਾਲੀ ਆਗੂ ਨੇ ਕੀਤੀ।
ਸੂਤਰ ਦੱਸਦੇ ਹਨ ਕਿ ਅਕਾਲੀ ਆਗੂਆਂ ਨੇ ਅਰਵਿੰਦ ਕੇਜਰੀਵਾਲ ਨੂੰ ਡਰਾਇਆ ਕਿ ਅਦਾਲਤੀ ਮਾਣਹਾਨੀ ਕੇਸ ਵਿੱਚ ਉਨ੍ਹਾਂ (ਕੇਜਰੀਵਾਲ) ਨੂੰ ਸਜ਼ਾ ਹੋਣੀ ਲਗਭਗ ਤੈਅ ਹੈ ਕਿਉਂਕਿ ਹੁਣ ਤੱਕ ਕੋਈ ਜਾਂਚ ਏਜੰਸੀ ਜਾਂ ਸਾਬਕਾ ਮੰਤਰੀ ਵਿਰੁੱਧ ਨਸ਼ਿਆਂ ਦੀ ਦਲਾਲੀ ਦੇ ਦੋਸ਼ ਲਾਉਣ ਵਾਲੇ ਆਗੂ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ ਹਨ। ਜੇਕਰ ਉਹ (ਅਰਵਿੰਦ ਕੇਜਰੀਵਾਲ) ਸਜ਼ਾ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬਿਕਰਮ ਮਜੀਠੀਆ ਵਿਰੁੱਧ ਲਗਾਏ ਦੋਸ਼ ਵਾਪਸ ਲੈਣਗੇ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗਣੀ ਪਵੇਗੀ। ਇਸ ਤਰ੍ਹਾਂ ਸ੍ਰੀ ਮਜੀਠੀਆ ਵੀ ਬਦਨਾਮੀ ਤੋਂ ਬਚ ਜਾਣਗੇ। ਅਕਾਲੀਆਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਅਜਿਹਾ ਕਰਦੇ ਹਨ ਤਾਂ ਸ੍ਰੀ ਮਜੀਠੀਆ ਵੀ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਦਾ ਕੇਸ ਵਾਪਸ ਲੈ ਲੈਣਗੇ। ਇਨ੍ਹਾਂ ਦਲੀਲਾਂ ਨਾਲ ਸ੍ਰੀ ਕੇਜਰੀਵਾਲ ਸਹਿਮਤ ਹੋ ਗਏ।
ਉਧਰ, ਸ੍ਰੀ ਕੇਜਰੀਵਾਲ ਦੇ ਫ਼ੈਸਲੇ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਖ਼ੁਦ ਨੂੰ ਕਸੂਤਾ ਫਸਿਆ ਮਹਿਸੂਸ ਦੋਫਾਡ਼ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਆਗਾਮੀ ਲੋਕ ਸਭਾ ਚੋਣਾਂ ਸਬੰਧੀ ‘ਆਪ’ ਵਾਲੰਟੀਅਰ ਕਾਫੀ ਆਸਵੰਦ ਸਨ ਕਿ ਐਤਕੀਂ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਨਵੀਂ ਪਾਰੀ ਖੇਡੀ ਜਾਵੇਗੀ ਪ੍ਰੰਤੂ ਸ੍ਰੀ ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਸਾਰਾ ਕੁਝ ਪਲਟ ਗਿਆ ਹੈ।