ਨਵੀਂ ਦਿੱਲੀ, ਭਾਰਤੀ ਨਿਸ਼ਾਨੇਬਾਜ਼ ਸ਼ਪਥ ਭਾਰਦਵਾਜ ਨੇ ਇਟਲੀ ਦੇ ਪੋਰਪੈਟੋ ਵਿੱਚ ਅੱਜ ਆਈਐਸਐਸਐਫ ਜੂਨੀਅਰ ਸ਼ਾਟਗਨ ਵਿਸ਼ਵ ਕੱਪ ਦੇ ਡਬਲ ਟਰੈਪ ਵਿੱਚ ਜਦੋਂਕਿ ਲਕਸ਼ੈ ਸ਼ਿਓਰਾਨ ਤੇ ਮਨੀਸ਼ਾ ਕੀਰ ਨੇ ਮਿਕਸਡ ਟੀਮ ਟਰੈਪ ਮੁਕਾਬਲੇ ਵਿੱਚ ਭਾਰਤ ਨੂੰ ਕਾਂਸੀ ਦਾ ਤਗ਼ਮਾ ਦਿਵਾਇਆ। ਮਨੀਸ਼ਾ ਤੇ ਲਕਸ਼ੈ ਨੇ ਕਾਂਸੀ ਦੇ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਅਮਰੀਕਾ ਦੇ ਸੇਵਿਨ ਐਡਵਰਡ ਲੇਅਰ ਅਤੇ ਐਮਾ ਲੀ ਵਿਲੀਅਮਜ਼ ਨੂੰ 34-33 ਤੋਂ ਹਰਾਇਆ। ਭਾਰਤੀ ਜੋੜੀ ਕੁਆਲੀਫਾਇੰਗ ਵਿੱਚ 16 ਟੀਮਾਂ ਵਿੱਚੋਂ 100 ’ਚੋਂ 84 ਦਾ ਸਕੋਰ ਕਰ ਕੇ ਚੌਥੇ ਸਥਾਨ ’ਤੇ ਰਹੀ ਸੀ। ਇਟਲੀ ਨੂੰ ਇਸ ਮੁਕਾਬਲੇ ਵਿੱਚ ਸੋਨੇ ਤੇ ਚਾਂਦੀ ਦਾ ਤਗ਼ਮਾ ਮਿਲਿਆ।