ਚੰਡੀਗੜ, 7 ਫ਼ਰਵਰੀ:

ਭਾਰਤ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਦੇਸ਼ ਵਿੱਚ ਕੇਵਲ ਟੈਲੀਵਿਜ਼ਨ ਰਾਹੀਂ ਦੇਸ਼ ਵਿੱਚ ਤੁਰਕਿਸ਼ ਰੇਡੀਓ ਤੇ ਟੀ.ਵੀ. ਏਜੰਸੀ ਦੇ ਪ੍ਰੋਗਰਾਮ ਵਿਖਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਜਾਰੀ ਪੱਤਰ ਅਨੁਸਾਰ ਕੇਬਲ ਟੀ.ਵੀ. ਐਕਟ-1995 ਦੇ ਸੈਕਸ਼ਨ-5 ਮੁਤਾਬਿਕ ਬਿਨਾਂ ਪ੍ਰੋਗਰਾਮ ਕੋਡ ਤੋਂ ਕੋਈ ਵੀ ਵਿਅਕਤੀ ਕੇਬਲ ਸਰਵਿਸ ਦੁਆਰਾ ਪ੍ਰਸਾਰਣ ਨਹੀਂ ਕਰੇਗਾ। ਕੇਬਲ ਟੀ.ਵੀ. ਨੈਟਵਰਕ 1994 ਦੇ ਰੂਲ-6 ਮੁਤਾਬਿਕ ਬਿਨਾਂ ਪ੍ਰੋਗ੍ਰਾਮ ਕੋਡ ਤੋਂ ਵਰਜਿਤ ਸਮਗੱਰੀ ਪ੍ਰਸਾਰਤ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਕੇਬਲ ਟੀ.ਵੀ. ਨੈਟਵਰਕ ਦੇ ਸਬ ਰੂਲ (6) ਦੇ ਕੋਈ ਵੀ ਕੇਬਲ ਪਰੇਟਰ ਆਪਣੀ ਕੇਬਲ ਸਰਵਿਸ ਵਿੱਚ ਉਹ ਚੈਨਲ ਸ਼ਾਮਿਲ ਨਹੀਂ ਕਰ ਸਕਦਾ ਜਿਹੜਾ ਕਿ ਕੇਂਦਰ ਸਰਕਾਰ ਦੁਆਰਾ ਰਜਿਸਟਰ ਨਾ ਕੀਤਾ ਹੋਵੇ। ਭਾਰਤ ਸਰਕਾਰ ਦੇ ਕੇਬਲ ਐਕਟ ਦੇ ਸੈਕਸ਼ਨ-2 ਮੁਤਾਬਿਕ ਅਧਿਕਾਰਤ ਅਫਸਰ ਆਪਣੇ ਅਧਿਕਾਰ ਖੇਤਰ ਵਿੱਚ ਜਿਲਾ ਮੈਜਿਸਟਰੇਟ, ਸਬ-ਡਵੀਜ਼ਨ ਮੈਜਿਸਟਰੇਟ ਜ਼ਾ ਕਮਿਸ਼ਨਰ ਆਫ ਪੁਲਿਸ ਹੋਵੇਗਾ। ਇਸ ਤੋਂ ਇਲਾਵਾ 07 ਮਾਰਚ, 2016 ਦੇ ਗਜ਼ਟਿਡ ਨੋਟੀਫਿਕੇਸ਼ਨ ਨੰਬਰ 589 ਮੁਤਾਬਿਕ ਵਧੀਕ ਜਿਲਾ ਮੈਜਿਸਟਰੇਟ ਨੂੰ ਅਧਿਕਾਰਤ ਅਫਸਰ ਐਲਾਨਿਆ ਗਿਆ ਹੈ।

ਜਾਰੀ ਪੱਤਰ ਅਨੁਸਾਰ ਕੋਈ ਵੀ ਟੀ.ਵੀ. ਚੈਨਲ ਜਿਸ ਨੂੰ ਕੇਂਦਰ ਮੰਤਰਾਲੇ ਵਲੋਂ ਆਗਿਆ ਨਾ ਮਿਲੀ ਹੋਵੇ, ਉਹ ਕਿਸੇ ਵੀ ਸੂਬੇ ਵਿੱਚ ਨਾ ਦਿਖਾਵੇ। ਇਸ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਕੇਬਲ ਓਪਰੇਟਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਅਧਿਕਾਰਤ ਅਫਸਰ ਉਸ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ।